Global Awareness News

Awareness is Power: Know the World

ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਤਿੰਨ ਰੋਜ਼ਾ ਲਾਈਵ ਪੇਂਟਿੰਗ ਵਰਕਸ਼ਾਪ ‘ਰੰਗਲਾ ਪੰਜਾਬ’ ਵਿੱਚ ਪੇਸ਼ ਕੀਤੀ ਗਈ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ

ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਤਿੰਨ ਰੋਜ਼ਾ ਲਾਈਵ ਪੇਂਟਿੰਗ ਵਰਕਸ਼ਾਪ ‘ਰੰਗਲਾ ਪੰਜਾਬ’ ਵਿੱਚ ਪੇਸ਼ ਕੀਤੀ ਗਈ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ

( KOROTANY ) ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਏਪੀਜੇ ਐਜੂਕੇਸ਼ਨ, ਉੱਤਰ ਖੇਤਰ ਸੱਭਿਆਚਾਰਕ ਕੇਂਦਰ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਕਰਵਾਈ ਗਈ ਤਿੰਨ ਰੋਜ਼ਾ ਲਾਈਵ ਪੇਂਟਿੰਗ ਵਰਕਸ਼ਾਪ ‘ਰੰਗਲਾ ਪੰਜਾਬ’ ਵਿੱਚ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀਆਂ ਖ਼ੂਬਸੂਰਤ ਝਲਕੀਆਂ ਦੇਖਣ ਨੂੰ ਮਿਲੀਆਂ।

ਇਸ ਲਾਈਵ ਪੇਂਟਿੰਗ ਵਰਕਸ਼ਾਪ ‘ਰੰਗਲਾ ਪੰਜਾਬ’ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸ੍ਰੀ ਸਵਰਨਜੀਤ ਸਿੰਘ ਸਵੀ ਸ਼ਾਮਲ ਹੋਏ।

ਏਪੀਜੇ ਐਜੂਕੇਸ਼ਨ ਦੀ ਡਾਇਰੈਕਟਰ ਡਾ. ਸੁਚਰਿਤਾ ਸ਼ਰਮਾ ਨੇ ਸ੍ਰੀ ਸੁਰਿੰਦਰ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਜਿਸ ਕਰਮਨਿਸ਼ਠਾ ਅਤੇ ਤਨਦੇਹੀ ਨਾਲ ਉਹ ਜਲੰਧਰ ਸ਼ਹਿਰ ਦੀ ਸੇਵਾ ਕਰ ਰਹੇ ਹਨ, ਉਹ ਸੱਚਮੁੱਚ ਸ਼ਲਾਘਾਯੋਗ ਹੈ। ਸ੍ਰੀ ਸਵਰਨਜੀਤ ਸਿੰਘ ਸਵੀ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਉਹ ਏਪੀਜੇ ਦੇ ਹੀ ਸਾਬਕਾ ਵਿਦਿਆਰਥੀ ਹਨ। ਉਹ ਨਾ ਸਿਰਫ਼ ਇੱਕ ਉੱਤਮ ਪੰਜਾਬੀ ਕਵੀ ਅਤੇ ਚਿੰਤਕ ਹਨ, ਸਗੋਂ ਇੱਕ ਸਿਰਜਣਾਤਮਕ ਕਲਾਕਾਰ ਅਤੇ ਉੱਚ ਕੋਟੀ ਦੇ ਵਿਚਾਰਕ ਵੀ ਹਨ। ਉਹ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾ ਰਹੇ ਹਨ। ਉਹਨਾਂ ਨੇ ਕਾਲਜ ਪ੍ਰਿੰਸੀਪਲ ਡਾ ਨੀਰਜਾ ਢੀਂਗਰਾ ਜੀ ਦਾ ਵੀ ਇਸ ਮੌਕੇ ਸੁਆਗਤ ਕੀਤਾ।

ਇਨ੍ਹਾਂ ਤਿੰਨ ਦਿਨਾਂ ਦੌਰਾਨ ਸਾਰੇ ਕਲਾਕਾਰਾਂ ਨੇ ਪੰਜਾਬ ਨੂੰ ਆਪਣੇ ਵਿਲੱਖਣ ਨਜ਼ਰੀਏ ਤੋਂ ਦੇਖਦਿਆਂ ਸਿਰਜਣਾਤਮਕ ਚਿੱਤਰਾਂ ਦੀ ਰਚਨਾ ਕੀਤੀ ਅਤੇ ਪੰਜਾਬ ਦੀ ਸੱਭਿਆਚਾਰਕ, ਸਮਾਜਿਕ ਤੇ ਕੁਦਰਤੀ ਸੁੰਦਰਤਾ ਨੂੰ ਆਪਣੇ ਰੰਗਾਂ ਰਾਹੀਂ ਕੈਨਵਸ ਉੱਤੇ ਉਤਾਰਿਆ।

ਸ੍ਰੀ ਜਸਪਾਲ ਸਿੰਘ ਦੀ ਪੇਂਟਿੰਗ ਵਿੱਚ ਮੇਲਿਆਂ ਦੀ ਧਰਤੀ ਪੰਜਾਬ ਦੀ ਖ਼ੂਬਸੂਰਤੀ ਨੂੰ ਦਰਸਾਇਆ ਗਿਆ। ਉਨ੍ਹਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਮੇਲੇ ਦੀ ਆਮਦ ਪੂਰੇ ਪਿੰਡ ਦੇ ਮਾਹੌਲ ਨੂੰ ਖ਼ੁਸ਼ੀਆਂ ਨਾਲ ਭਰ ਦਿੰਦੀ ਹੈ ਅਤੇ ਬੱਚੇ ਵੱਖ-ਵੱਖ ਖੇਡਾਂ ਖੇਡ ਕੇ ਆਪਣਾ ਮਨੋਰੰਜਨ ਕਰਦੇ ਹਨ।

ਸ੍ਰੀ ਅਨਿਲ ਗੁਪਤਾ ਦੀ ਪੇਂਟਿੰਗ ਵਿੱਚ ਪੰਜਾਬ ਦੇ ਚਟਖ਼ੇਲੇ ਰੰਗਾਂ, ਪੰਜਾਬੀਆਂ ਦੇ ਮਸਤਮੌਲੇ ਸੁਭਾਅ, ਖੇਤਾਂ-ਖਲਿਹਾਣਾਂ ਅਤੇ ਕੁਦਰਤੀ ਰੰਗਾਂ ਦੀ ਖ਼ੂਬਸੂਰਤੀ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।

ਸ੍ਰੀਮਤੀ ਗੁਰਜਨ ਪਾਲ ਨੇ ਆਪਣੀ ਪੇਂਟਿੰਗ ਵਿੱਚ ਪੰਜਾਬ ਦੇ ਪਿੰਡਾਂ ਦੀ ਕੁਦਰਤੀ ਸੁੰਦਰਤਾ, ਭਾਵਨਾਵਾਂ ਦੀ ਗਹਿਰਾਈ, ਪਾਣੀ ਭਰਨ ਜਾਂਦੀਆਂ ਔਰਤਾਂ ਦੇ ਝੂਲੇ ਲੈਣ ਦੇ ਦ੍ਰਿਸ਼ ਅਤੇ ਮਨੁੱਖ ਤੇ ਪੰਛੀਆਂ ਵਿਚਕਾਰਲੇ ਸਦਭਾਵਨਾਪੂਰਨ ਰਿਸ਼ਤੇ ਨੂੰ ਦਰਸਾਇਆ।

ਡਾ. ਜੀਵਨ ਦੂਰੇਜਾ ਨੇ ਪੰਜਾਬ ਦੀ ਧਰਤੀ ਦੇ ਇੰਦਰਧਨੁਸ਼ੀ ਰੰਗਾਂ ਅਤੇ ਪਿੰਡਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਦੀ ਮਨਮੋਹਕ ਸੁੰਦਰਤਾ ਨੂੰ ਆਪਣੀ ਪੇਂਟਿੰਗ ਰਾਹੀਂ ਪੇਸ਼ ਕੀਤਾ।

ਡਾ. ਰਿੰਪੀ ਅਗਰਵਾਲ ਨੇ ‘ਸੁਨਹਿਰੀ ਪੰਜਾਬ’ ਦੀ ਕਲਪਨਾ ਨੂੰ ਸਾਕਾਰ ਕਰਦਿਆਂ ਹਰੇ-ਭਰੇ ਅਤੇ ਲਹਿਰਾਉਂਦੇ ਸੁਨਹਿਰੀ ਖੇਤਾਂ ਨੂੰ ਪੰਜਾਬ ਦੇ ਸਾਰੇ ਤਿਉਹਾਰਾਂ ਦਾ ਆਧਾਰ ਦਰਸਾਇਆ। ਉਨ੍ਹਾਂ ਆਪਣੀ ਪੇਂਟਿੰਗ ਰਾਹੀਂ ਇਹ ਸੁਨੇਹਾ ਦਿੱਤਾ ਕਿ ਸਾਡੇ ਗਿੱਧੇ-ਭੰਗੜੇ ਦੀਆਂ ਖ਼ੁਸ਼ੀਆਂ ਅਤੇ ਪੰਜਾਬ ਦੇ ਲੋਕ-ਜੀਵਨ ਦਾ ਮੂਲ ਆਧਾਰ ਇਹ ਖੇਤ-ਖਲਿਹਾਣ ਹੀ ਹਨ।

ਸ੍ਰੀ ਰਾਜੇਸ਼ ਕਲਸੀ ਨੇ ‘ਮਹਾਂ ਪੰਜਾਬ’ ਦੀ ਧਾਰਨਾ ਨੂੰ ਆਪਣੀ ਪੇਂਟਿੰਗ ਦਾ ਆਧਾਰ ਬਣਾਇਆ। ਉਨ੍ਹਾਂ ਨੇ ਹੜੱਪਾ ਸਭਿਅਤਾ ਤੋਂ ਸ਼ੁਰੂ ਹੁੰਦੇ ਪੰਜਾਬ ਦੇ ਇਤਿਹਾਸ ਨੂੰ ਕਾਬੁਲ, ਕਸ਼ਮੀਰ, ਹਰਿਆਣਾ ਅਤੇ ਪੰਜਾਬ ਵਰਗੇ ਖੇਤਰਾਂ ਨਾਲ ਜੋੜਦਿਆਂ ਖੇਤੀਬਾੜੀ ਵਿੱਚ ਬਲਦ ਦੀ ਅਹਿਮ ਭੂਮਿਕਾ ਨੂੰ ਦਰਸਾਇਆ। ਉਨ੍ਹਾਂ ਨੇ ਇਹ ਵੀ ਦਿਖਾਇਆ ਕਿ ਤਕਨਾਲੋਜੀ ਦੇ ਵਧਦੇ ਪ੍ਰਭਾਵ ਕਾਰਨ ਅੱਜ ਬਲਦ ਇਕੱਲਾ ਖੜ੍ਹਾ ਦਿਖਾਈ ਦਿੰਦਾ ਹੈ, ਪਰ ਫਿਰ ਵੀ ਉਸ ਦੀ ਹੋਂਦ ਅਤੇ ਮਹੱਤਤਾ ਬਰਕਰਾਰ ਹੈ।

ਡਾ. ਗਗਨ ਗੰਭੀਰ ਨੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ, ਗੁਰਦੁਆਰਿਆਂ ਦੀ ਆਭਾ, ਰੰਗਾਂ ਦੀ ਵਿਭਿੰਨਤਾ ਅਤੇ ਫੁਲਕਾਰੀ ਦੇ ਮਨਮੋਹਕ ਨਮੂਨਿਆਂ ਨੂੰ ਆਪਣੀ ਕਲਪਨਾ ਦੇ ਰੰਗਾਂ ਨਾਲ ਸਜਾਉਂਦਿਆਂ ਇੱਕ ਖ਼ੂਬਸੂਰਤ ਪੇਂਟਿੰਗ ਤਿਆਰ ਕੀਤੀ।

ਸ਼੍ਰੀਮਤੀ ਸੁਰੁਚੀ ਸ਼ਰਮਾ ਨੇ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਅਤੇ ਸਮ੍ਰਿੱਧੀ ਦੇ ਨਾਲ-ਨਾਲ ਇਸ ਦੀ ਸੰਗੀਤਕ ਵਿਰਾਸਤ, ਲੈਅ ਅਤੇ ਫੁਲਕਾਰੀ ਦੀ ਮਨਮੋਹਕ ਸੁੰਦਰਤਾ ਨੂੰ ਵੀ ਆਪਣੇ ਚਿੱਤਰ ਰਾਹੀਂ ਬਿਆਨ ਕੀਤਾ।

ਸ੍ਰੀ ਪਵਨ ਕੁਮਾਰ ਨੇ ਪੰਜਾਬ ਦੀ ਅਮੀਰ ਸੰਗੀਤਕ ਵਿਰਾਸਤ ਨੂੰ ਦਰਸਾਉਂਦਿਆਂ ਤੂੰਬੀ, ਢੋਲ ਅਤੇ ਹੋਰ ਸੰਗੀਤਕ ਸਾਜ਼ਾਂ ਨੂੰ ਆਪਣੀ ਪੇਂਟਿੰਗ ਵਿੱਚ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ।। ਸ਼੍ਰੀ ਹਰਿੰਦਰ ਭੱਟੀ ਜੀ ਨੇ ਪੰਜਾਬੀ ਪਗੜੀ ਨੂੰ ਕੇਂਦਰ ‘ਚ ਰੱਖਦਿਆਂ ਪੰਜਾਬੀ ਸੱਭਿਆਚਾਰ ਦੀ ਬੜੀ ਮਨਮੋਹਕ ਤਸਵੀਰ ਪੇਸ਼ ਕੀਤੀ ਹੈ।

ਇਸ ਤਰ੍ਹਾਂ ਤਿੰਨ ਰੋਜ਼ਾ ਲਾਈਵ ਪੇਂਟਿੰਗ ਵਰਕਸ਼ਾਪ ‘ਰੰਗਲਾ ਪੰਜਾਬ’ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਲੋਕ-ਜੀਵਨ, ਕੁਦਰਤੀ ਸੁੰਦਰਤਾ, ਖੇਤੀਬਾੜੀ, ਸੰਗੀਤ ਅਤੇ ਕਲਾਤਮਕ ਪਰੰਪਰਾਵਾਂ ਨੂੰ ਰੰਗਾਂ ਰਾਹੀਂ ਪੇਸ਼ ਕਰਨ ਦਾ ਇੱਕ ਸ਼ਾਨਦਾਰ ਮੰਚ ਸਾਬਤ ਹੋਈ। ਇਸ ਵਰਕਸ਼ਾਪ ਨੇ ਕਲਾਕਾਰਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਉਭਾਰਨ ਦੇ ਨਾਲ-ਨਾਲ ਪੰਜਾਬ ਦੀ ਵਿਲੱਖਣ ਪਛਾਣ ਅਤੇ ਵਿਰਾਸਤ ਨੂੰ ਕਲਾ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਉਪਰਾਲਾ ਕੀਤਾ।ਇਸ ਸਮਾਪਤੀ ਸਮਾਰੋਹ ਵਿੱਚ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਸ੍ਰੀ ਸੁਮਿਤ ਦੂਆ ਨੇ ਸਮਾਗਮ ਵਿੱਚ ਸ਼ਾਮਲ ਹੋਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕਲਾਤਮਕ ਉਪਰਾਲੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ, ਪ੍ਰਫੁੱਲਤ ਕਰਨ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।