SGPC ਦਾ ਫੁਰਮਾਨ, ਗੁਟਕਾ ਸਾਹਿਬ ਤੇ ਪੋਥੀਆਂ ਦੀ ਵੈੱਬਸਾਈਟਾਂ ਨਹੀਂ ਕਰ ਸਕਣਗੀਆਂ ਆਨਲਾਈਨ ਵਿਕਰੀ, ਪੜ੍ਹੋ ਮੀਟਿੰਗ ਦੇ ਹੋਰ ਅਹਿਮ ਫੈਸਲੇ
( KOROTANY ) ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰਿਸਰਚ ਬੋਰਡ ਅਤੇ ਐਜੂਕੇਸ਼ਨ ਕਮੇਟੀ ਦੀਆਂ ਵੱਖ-ਵੱਖ ਤਿੰਨ ਮੀਟਿੰਗਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲ੍ਹਾ ਵਿਖੇ ਹੋਈਆਂ।
ਇਸ ਦੌਰਾਨ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਰੂਪ-ਰੇਖਾ ਦੇ ਨਾਲ-ਨਾਲ ਸਿੱਖ ਸਾਹਿਤ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਅਤੇ ਵਿੱਦਿਅਕ ਅਦਾਰਿਆਂ ਦੇ ਮਾਮਲੇ ਵਿਚਾਰੇ ਗਏ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਵੱਲੋਂ ਸ਼ਰਧਾ ਤੇ ਸਤਿਕਾਰ ਵਜੋਂ ਵੱਡੀ ਗਿਣਤੀ ਵਿਚ ਰੁਮਾਲਾ ਸਾਹਿਬ ਭੇਟ ਕੀਤੇ ਜਾਂਦੇ ਹਨ, ਪਰੰਤੂ ਅਕਸਰ ਹੀ ਰੁਮਾਲਿਆਂ ਦੀ ਗੁਣਵਤਾ ਤੇ ਮਿਆਰ ਠੀਕ ਨਹੀਂ ਹੁੰਦਾ। ਇਸ ਦੇ ਨਾਲ ਹੀ ਰੁਮਾਲਿਆਂ ਦੀ ਬਹੁਤਾਤ ਕਾਰਨ ਸਾਂਭ-ਸੰਭਾਲ ਵਿਚ ਵੱਡੀ ਸਮੱਸਿਆ ਬਣਦੀ ਹੈ। ਇਸ ਦੇ ਮੱਦੇਨਜ਼ਰ ਵਿਚਾਰ-ਵਟਾਂਦਰੇ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ ਅੰਦਰ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਜਾਣਗੇ, ਜਿੱਥੇ ਸੰਗਤ ਰੁਮਾਲਾ ਸਾਹਿਬ ਲਈ ਯਥਾਸ਼ਕਤ ਭੇਟਾ ਜਮ੍ਹਾਂ ਕਰਵਾ ਸਕੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸਥਾਪਤ ਕੀਤੇ ਜਾਣ ਵਾਲੇ ਕਾਊਂਟਰਾਂ ’ਤੇ ਸ਼ਰਧਾ ਅਨੁਸਾਰ ਰੁਮਾਲਿਆਂ ਲਈ ਭੇਟਾ ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰਨ ਤੇ ਗੁਰੂ ਦਰਬਾਰ ਅੰਦਰ ਰਸੀਦ ਦਿਖਾ ਕੇ ਅਰਦਾਸ ਕਰਵਾਉਂਣ। ਉਨ੍ਹਾਂ ਕਿਹਾ ਕਿ ਰੁਮਾਲਾ ਸਾਹਿਬ ਲਈ ਪੁੱਜਣ ਵਾਲੀ ਭੇਟਾ ਕੌਮ ਦੇ ਉਜਲੇ ਭਵਿੱਖ ਲਈ ਵਰਤੀ ਜਾਵੇਗੀ। ਸਿਰੋਪਾਓ ਦੀ ਵਰਤੋਂ ਇਸ ਦੀ ਭਾਵਨਾ ਅਤੇ ਧਾਰਮਿਕ ਮਹੱਤਵ ਅਨੁਸਾਰ ਯਕੀਨੀ ਬਣਾਉਂਣ ਲਈ ਬੀਤੇ ਵਿਚ ਸ਼ੁਰੂ ਕੀਤੇ ਗਏ ਯਤਨਾਂ ਨੂੰ ਹੋਰ ਪੁਖਤਗੀ ਨਾਲ ਲਾਗੂ ਕੀਤਾ ਜਾਵੇਗਾ। ਇਸ ਨੂੰ ਸੰਕੋਚ ਕੇ ਕੇਵਲ ਧਾਰਮਿਕ ਤੇ ਪੰਥਕ ਸ਼ਖ਼ਸੀਅਤਾਂ ਤੱਕ ਹੀ ਸੀਮਤ ਕੀਤਾ ਜਾਵੇਗਾ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਇਸੇ ਸਾਲ 22 ਨਵੰਬਰ ਨੂੰ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਜਲੰਧਰ ਵਿਖੇ ਮਨਾਈ ਜਾਵੇਗੀ। ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਵੱਖ-ਵੱਖ ਈ-ਕਾਮਰਸ ਵੈੱਬਸਾਈਟਾਂ ਤੇ ਐਪਸ ’ਤੇ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ, ਸੈਂਚੀਆਂ ਦੀ ਕੀਤੀ ਜਾ ਰਹੀ ਆਨਲਾਈਨ ਵਿਕਰੀ ਦਾ ਵੀ ਸਖ਼ਤ ਨੋਟਿਸ ਲੈ ਕੇ ਇਸ ’ਤੇ ਮੁਕੰਮਲ ਪਾਬੰਦੀ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ, ਕਿਉਂਕਿ ਇਸ ਨਾਲ ਗੁਰਬਾਣੀ ਦੀ ਮਾਣ-ਮਰਯਾਦਾ ਤੇ ਸਤਿਕਾਰ ਨੂੰ ਢਾਅ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਪਾਸ ਕੀਤੇ ਗਏ ਮਤੇ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿਚ ਇਸ ’ਤੇ ਕੌਮ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ, ਤਾਂ ਜੋ ਇਸ ਵਰਤਾਰੇ ਨੂੰ ਠੱਲ੍ਹ ਪੈ ਸਕੇ।
ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪਨੂੰ, ਤੇਜਿੰਦਰਪਾਲ ਸਿੰਘ ਲਾਡਵਾ, ਪ੍ਰਿਤਪਾਲ ਸਿੰਘ, ਰਾਮਪਾਲ ਸਿੰਘ ਬਹਿਣੀਵਾਲ, ਮਨਜੀਤ ਸਿੰਘ ਬੱਪੀਆਣਾ, ਗੁਰਮੀਤ ਸਿੰਘ ਬੂਹ, ਅਜਮੇਰ ਸਿੰਘ ਖੇੜਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਬਚਨ ਸਿੰਘ ਕਰਮੂੰਵਾਲਾ, ਗੁਰਲਾਲ ਸਿੰਘ, ਗੁਰਨਾਮ ਸਿੰਘ ਜੱਸਲ, ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰ ਡਾ. ਪਰਮਵੀਰ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਹਰਵਿੰਦਰ ਸਿੰਘ ਖ਼ਾਲਸਾ, ਡਾ. ਪ੍ਰਭਜੋਤ ਕੌਰ, ਓਐਸਡੀ ਸਤਬੀਰ ਸਿੰਘ ਧਾਮੀ, ਸਕੱਤਰ ਇੰਜੀ. ਸੁਖਮਿੰਦਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਯੂਨੀਵਰਸਿਟੀ ਦੇ ਡੀਨ ਡਾ. ਏਪੀ ਸਿੰਘ, ਗੁਰਦਿਆਲ ਸਿੰਘ, ਸ਼ਾਹਬਾਜ਼ ਸਿੰਘ, ਗੁਰਚਰਨ ਸਿੰਘ ਕੁਹਾਲਾ, ਹਰਭਜਨ ਸਿੰਘ ਵਕਤਾ, ਬੀਬੀ ਸਤਵੰਤ ਕੌਰ, ਡਾ. ਜੋਗੇਸ਼ਵਰ ਸਿੰਘ, ਕਾਰਜ ਸਿੰਘ, ਗੁਰਪ੍ਰਤਾਪ ਸਿੰਘ, ਬਲਦੇਵ ਸਿੰਘ ਆਦਿ ਮੌਜੂਦ ਸਨ।

More Related Stories
ਲਾਗੂ ਹੋਈਆਂ ਨਵੀਆਂ ਵਿਆਜ ਦਰਾਂ: ਜਾਣੋ PPF, NSC ਤੇ SCSS ‘ਤੇ ਹੁਣ ਕਿੰਨਾ ਮਿਲੇਗਾ ਰਿਟਰਨ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪ੍ਰਧਾਨ ਮੰਤਰੀ ਮੋਦੀ ਨੇ ਗਿਆਨੇਸ਼ ਕੁਮਾਰ ‘ਤੇ ਦਬਾਅ ਪਾਇਆ, ਉਨ੍ਹਾਂ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ;