Global Awareness News

Awareness is Power: Know the World

ਜ਼ਿਲ੍ਹਾ ਪੱਧਰੀ ਟੀਮ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਅਤੇ ਖੇਤੀ ਸੱਮਗਰੀ ਮੁਹੱਈਆ ਕਰਵਾਉਣ ਲਈ ਡੀਲਰਾਂ ਦੀ ਅਚਨਚੇਤ ਚੈਕਿੰਗ

ਜ਼ਿਲ੍ਹਾ ਪੱਧਰੀ ਟੀਮ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਅਤੇ ਖੇਤੀ ਸੱਮਗਰੀ ਮੁਹੱਈਆ ਕਰਵਾਉਣ ਲਈ ਡੀਲਰਾਂ ਦੀ ਅਚਨਚੇਤ ਚੈਕਿੰਗ

ਕਿਸਾਨਾਂ ਨੂੰ ਉੱਚ ਗੁਣਵੱਤਾ ਦੀ ਖੇਤੀ ਸਮੱਗਰੀ ਹੀ ਵੇਚੀ ਜਾਵੇ- ਮੁੱਖ ਖੇਤੀਬਾੜੀ ਅਫ਼ਸਰ

( MS KOROTANY Chif Editor ) Jalandhar/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 04 ਫਰਵਰੀ, 2025:

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸ.ਏ.ਐਸ ਨਗਰ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਕਿਸਾਨਾਂ ਨੂੰ ਉੱਚ ਗੁਣਵੱਤਾ ਦੇ ਬੀਜ ਅਤੇ ਖੇਤੀ ਸੱਮਗਰੀ ਉਪਲੱਬਧ ਕਰਵਾਉਣ ਲਈ ਜ਼ਿਲ੍ਹੇ ਦੇ ਬਲਾਕ ਖਰੜ, ਮਾਜਰੀ ਅਤੇ ਡੇਰਾਬਸੀ ਟੀਮਾਂ ਵੱਲੋਂ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਖਾਸ ਤੌਰ ਤੇ ਮੱਕੀ ਦੀ ਫਸਲ ਲਈ ਬੀਜ ਉਪਲਬਧ ਕਰਵਾਉਣ ਵਾਲੀਆ ਕੰਪਨੀਆ ਪਾਇੳਨਰ, ਬਾਇਰ, ਸ਼੍ਰੀ ਸੀਡਜ , ਨਿਜੂਵਿਡੂ , ਕਾਵੇਰੀ ਅਤੇ ਹੋਰ ਬੀਜ ਕੰਪਨੀਆਂ ਦੇ ਡੀਲਰਾਂ ਕੋਲ ਪਏ ਸਟਾਕ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਬਹਾਰ ਰੁੱਤ ਦੀ ਮੱਕੀ ਲਈ ਬੀਜ ਦੇ ਡੀਲਰਾਂ ਕੋਲ ਲੋੜੀਂਦਾ ਸਟਾਕ ਮੌਜੂਦ ਹੈ। ਕਿਸਾਨਾ ਵੱਲੋਂ ਜ਼ਿਆਦਾਤਰ ਬਹਾਰ ਰੁੱਤ ਦੀ ਮੱਕੀ ਦੀ ਬਾਜਾਰ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਹੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਬੀਜ ਨਾ ਮਿਲਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਖੇਤੀਬਾੜੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੰਪਨੀ ਦੇ ਨੁਮਾਇੰਦਿਆ ਨਾਲ ਗੱਲ ਕਰਨ ਤੇ ਉਹਨਾਂ ਵੱਲੋ ਦੱਸਿਆ ਗਿਆ ਕਿ ਮੰਗੇ ਜਾ ਰਹੇ ਬੀਜ ਦੀ ਸਪਲਾਈ ਦੱਖਣੀ ਰਾਜਾਂ ਤੋਂ ਹੁੰਦੀ ਹੈ ਅਤੇ 10 ਫਰਵਰੀ ਤੋ ਬਾਅਦ ਉਕਤ ਕਿਸਮ ਦਾ ਲੋੜੀਂਦਾ ਸਟਾਕ ਡੀਲਰਾ ਕੋਲ ੳਪਲਬਧ ਹੋ ਜਾਵੇਗਾ।
ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਉਣੀ ਦੌਰਾਨ ਮੱਕੀ ਦੀ ਫਸਲ ਨੂੰ ਖੇਤੀ ਵਿਭਿੰਨਤਾ ਅਧੀਨ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਸਾਉਣੀ ਦੀ ਫਸਲ ਤੇ ਮੱਕੀ ਦੇ ਗੜੂੰਏ (ਫਾਲ ਆਰਮੀ ਵਾਰਮ) ਦੀ ਰੋਕਥਾਮ ਯਕੀਨੀ ਬਣਾਉਣ ਲਈ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਦੀ ਬਜਾਏ ਸਾਉਣੀ ਰੁੱਤ ਦੀ ਮੱਕੀ ਫਸਲ ਨੂੰ ਪਹਿਲ ਦੇ ਅਧਾਰ ਤੇ ਬੀਜਣ ਲਈ ਕਿਸਾਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 5000 ਹੈਕਟੇਅਰ ਰਕਬੇ ਵਿੱਚ ਸਾਉਣੀ ਦੀ ਮੱਕੀ ਦੀ ਫਸਲ ਦੀ ਕਾਸ਼ਤ ਹੋਣ ਦਾ ਅਨੁਮਾਨ ਹੈ ਅਤੇ ਲੋੜੀਂਦੇ ਬੀਜ ਲਈ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਖੇਤੀਬਾੜੀ ਮੰਤਰੀ ਸ .ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਜੇਕਰ ਕੋਈ ਵੀ ਦੁਕਾਨਦਾਰ ਕਿਸੇ ਵੀ ਪ੍ਰਕਾਰ ਦੀ ਡੁਪਲੀਕੇਟ/ ਘਟੀਆਂ ਖੇਤੀ ਸਮੱਗਰੀ ਵੇਚਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਡਾ. ਸ਼ੁਭਕਰਨ ਸਿੰਘ ਏ.ੳ ਖਰੜ ਨੇ ਡੀਲਰਾਂ ਨੂੰ ਕਿਹਾ ਕਿ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੇ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਵੇਚਣ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਰੀਦੀ ਖੇਤੀ ਸਮੱਗਰੀ ਦਾ ਬਿੱਲ ਲਿਆ ਜਾਵੇ, ਅਗਰ ਕੋਈ ਦੁਕਾਨਦਾਰ ਬਿੱਲ ਨਹੀ ਦਿੰਦਾ ਤਾਂ ਖੇਤੀਬਾੜੀ ਵਿਭਾਗ ਦੇ ਦਫਤਰ ਵਿੱਚ ਸੰਪਰਕ ਕੀਤਾ ਜਾਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਦੇ ਨਾਲ ਡਾ. ਗੁਰਦਿਆਲ ਕੁਮਾਰ, ਡਾ. ਜਸਵਿੰਦਰ ਸਿੰਘ ਅਤੇ ਡਾ. ਜਸਪ੍ਰੀਤ ਸਿੰਘ ਹਾਜ਼ਰ ਸਨ।