ਅੰਡਰਪਾਸ ਖੁੱਲ੍ਹਿਆ, ਦੋਵਾਂ ਫਾਟਕਾਂ ਅੱਗੇ ਸੜਕ ਪੁੱਟੀ, ਗਾਰਡਰ ਲਾ ਕੇ ਰਾਹ ਕੀਤਾ ਬੰਦ ਨਗਰ ਨਿਗਮ ਨਹੀਂ ਬਣਾ ਸਕਿਆ ਸੜਕ
ਵਾਹਨ ਚਾਲਕਾਂ ਨੂੰ ਦੋ ਦਿਨਾਂ ਤੱਕ ਪੇਸ਼ ਆਵੇਗੀ ਦਿੱਕਤ
( ਮਦਨ ਸਿੰਘ ਕੋਰੋਟਾਣੇ, ਮੁੱਖ ਸੰਪਾਦਕ ) 26 ਅਪ੍ਰੈਲ 2025 ਜਲੰਧਰ : ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਨਕੋਦਰ ਰੇਲਵੇ ਲਾਈਨ ‘ਤੇ ਲੱਗਦੇ ਅਰਬਨ ਅਸਟੇਟ ਫੇਸ-1 ਵਾਲੇ ਪਾਸੇ ਜਾਣ ਵਾਲੇ ਦੋ ਫਾਟਕ ਸ਼ੁੱਕਰਵਾਰ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤੇ ਗਏ। ਇਸ ਕਰ ਕੇ ਵਾਹਨ ਚਾਲਕਾਂ ਨੂੰ ਦਿੱਕਤ ਪੇਸ਼ ਆਈ ਜੋ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਬਰਕਰਾਰ ਰਹੇਗੀ।
ਹੁਣ, ਰਾਹਤ ਦੀ ਗੱਲ ਇਹ ਹੈ ਕਿ ਪਿੰਡ ਸੁਭਾਨਾ ਤੇ ਅਰਬਨ ਅਸਟੇਟ ਫੇਸ-1 ਨਾਲ ਲੱਗਦੇ ਪੰਜਾਬ ਐਵੇਨਿਊ ਦੇ ਅੱਗੇ ਬਣੇ ਅੰਡਰਪਾਸ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ। ਰੇਲਵੇ ਦੀਆਂ ਟੀਮਾਂ ਨੇ ਸਵੇਰੇ ਸਾਢੇ 11 ਵਜੇ ਫਾਟਕ ਬੰਦ ਕਰ ਕੇ ਜੇਸੀਬੀ ਦੀ ਮਦਦ ਨਾਲ ਸੜਕ ਪੁੱਟ ਦਿੱਤੀ। ਰੇਲਵੇ ਦੇ ਕਰਮਚਾਰੀਆਂ ਨੇ ਫਾਟਕ ਤੇ ਰੇਲ ਲਾਈਨ ਵਿਚਾਲੇ ਲਗਾਈਆਂ ਗਈਆਂ ਇੰਟਰਲਾਕਿੰਗ ਟਾਈਲਾਂ ਕੱਢਣ ਦੇ ਨਾਲ-ਨਾਲ ਟੈਲੀਫੋਨ ਦੇ ਕਨੈਕਸ਼ਨ, ਪੋਲ ਆਦਿ ਵੀ ਪੁੱਟ ਦਿੱਤੇ। ਇਸ ਦੇ ਨਾਲ ਹੀ ਆਰਪੀਐੱਫ ਦੇ ਜਵਾਨ ਵੀ ਮੌਕੇ ‘ਤੇ ਤਾਇਨਾਤ ਹੋ ਗਏ ਤੇ ਵਾਹਨ ਚਾਲਕਾਂ ਨੂੰ ਅੰਡਰਪਾਸ ਦੇ ਰਸਤੇ ਭੇਜਦੇ ਰਹੇ। ਬਾਅਦ ਦੁਪਹਿਰ ਫਾਟਕ ਦੇ ਰਸਤੇ ‘ਤੇ ਗਾਰਡਰ ਲਗਾ ਕੇ ਰਸਤਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਮੌਕੇ ‘ਤੇ ਅਸਿਸਟੈਂਟ ਡਵੀਜ਼ਨਲ ਇੰਜੀਨੀਅਰ ਨਾਰਦਰਨ ਰੇਲਵੇ ਨਰਿੰਦਰ ਕੁਮਾਰ ਨੇ ਆਪਣੀ ਦੇਖ-ਰੇਖ ਵਿਚ ਕੰਮ ਕਰਵਾਇਆ। ਇਹੀ ਨਹੀਂ ਵਾਹਨ ਚਾਲਕਾਂ ਨੂੰ ਕੋਈ ਮਸਲਾ ਪੇਸ਼ ਨਾ ਆਵੇ, ਇਸ ਲਈ ਮੁਲਾਜ਼ਮ ਵੀ ਤਾਇਨਾਤ ਕੀਤੇ ਜੋ ਕਿ ਵਾਹਨ ਚਾਲਕਾਂ ਦੇ ਅੰਡਰਪਾਸ ਤੋਂ ਲੰਘਣ ਦਾ ਰਾਹ ਬਣਾਉਂਦੇ ਰਹੇ।
ਨਿਗਮ ਦੀ ਲਾਪਰਵਾਹੀ ਕਾਰਨ ਵਾਹਨ ਚਾਲਕ ਰਹੇ ਪਰੇਸ਼ਾਨ
ਰੇਲਵੇ ਨੇ ਲਗਭਗ ਸਾਢੇ ਤਿੰਨ ਮਹੀਨੇ ਤੋਂ ਇਸ ਅੰਡਰਪਾਸ ਨੂੰ ਤਿਆਰ ਕਰ ਲਿਆ ਸੀ ਪਰ ਨਗਰ ਨਿਗਮ ਦੀ ਤਰਫੋਂ ਅੰਡਰਪਾਸ ਦੇ ਅੱਗੇ ਪਹੁੰਚ ਮਾਰਗ ਦਾ ਕਰੀਬ 50-50 ਮੀਟਰ ਦਾ ਹਿੱਸਾ ਹੈ, ਨੂੰ ਹਾਲੇ ਤਿਆਰ ਨਹੀਂ ਕੀਤਾ ਗਿਆ। ਹਾਲਾਤ ਇਹ ਸਨ ਕਿ ਰੇਲਵੇ ਦੀ ਤਰਫੋਂ ਨਿਰੰਤਰ ਨਿਗਮ ਸਮੇਤ ਪ੍ਰਸ਼ਾਸਨ ਨੂੰ ਨੋਟਿਸ ਭੇਜੇ ਜਾਂਦੇ ਰਹੇ ਕਿ ਬਾਕੀ ਬਚੇ ਕੰਮਾਂ ਨੂੰ ਮੁਕੰਮਲ ਕਰ ਲਵੋ। ਇਸ ਦੇ ਬਾਵਜੂਦ ਨਾ ਤਾਂ ਸੜਕ ਬਣਾਈ ਗਈ, ਨਾ ਦੋਵੇਂ ਫਾਟਕ ਬੰਦ ਕਰਨ ਸਬੰਧੀ ਕਿਸੇ ਤਰ੍ਹਾਂ ਨਾਲ ਕੋਈ ਡਾਇਵਰਸ਼ਨ ਬੋਰਡ, ਸਾਈਨ ਬੋਰਡ ਆਦਿ ਲਗਾਏ। ਇਸ ਵਜ੍ਹਾ ਨਾਲ ਜਦੋਂ ਰੇਲਵੇ ਦੀ ਤਰਫੋਂ ਇਨ੍ਹਾਂ ਫਾਟਕਾਂ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਲੋਕਾਂ ਨੂੰ ਫਾਟਕਾਂ ਲਾਗੇ ਪਹੁੰਚ ਕੇ ਕਾਰਵਾਈ ਬਾਰੇ ਪਤਾ ਲੱਗਾ। ਹਾਲਾਂਕਿ ਇਹ ਲੋਕ ਵੀ ਕਹਿ ਰਹੇ ਸਨ ਕਿ ਜਾਗਰਣ ਵਿਚ ਪੜ੍ਹਿਆ ਸੀ ਕਿ ਫਾਟਕ ਬੰਦ ਹੋਣਗੇ, ਇਹ ਨਹੀਂ ਲੱਗਦਾ ਸੀ ਕਿ ਏਨੀ ਜਲਦੀ ਬੰਦ ਹੋ ਜਾਣਗੇ। ਅੰਡਰਪਾਸ ਖੁੱਲ੍ਹਣ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਫਾਟਕਾਂ ਤੋਂ ਸਵੇਰੇ ਸਕੂਲ ਲੱਗਣ ਤੇ ਛੁੱਟੀ ਹੋਣ ਦੀ ਵਜ੍ਹਾ ਨਾਲ ਲੱਗਣ ਵਾਲੇ ਜਾਮ ਤੋਂ ਰਾਹਤ ਮਿਲ ਗਈ, ਉਥੇ ਅੰਡਰਪਾਸ ਤੋਂ ਲੰਘਣ ਵਾਲਿਆਂ ਨੂੰ ਵੀ ਸੜਕ ਬਣਾਉਣ ਲਈ ਵਿਛਾਈ ਗਈ ਮਿੱਟੀ ਤੇ ਬੱਜਰੀ ਤੋਂ ਲੰਘਣ ਕਾਰਨ ਮੁਸ਼ਕਲਾਂ ਪੇਸ਼ ਆਈਆਂ। ਹੁਣ ਸੰਭਾਵਨਾ ਹੈ ਕਿ ਨਗਰ ਨਿਗਮ ਦੋ ਦਿਨਾਂ ਤੱਕ ਪਹੁੰਚ ਮਾਰਗ ਨੂੰ ਬਣਾਏਗਾ ਤੇ ਸਾਈਨ ਬੋਰਡ ਤੇ ਡਾਇਵਰਸ਼ਨ ਆਦਿ ਦੀ ਸੂਚਨਾ ਬਾਰੇ ਬੋਰਡ ਲਗਾਏ ਜਾਣਗੇ।
ਫਾਟਕ ਬੰਦ ਹੋਣ ਮਗਰੋਂ ਹੁਣ ਇਨ੍ਹਾਂ ਰਸਤਿਆਂ ਰਾਹੀਂ ਲੰਘੋ
ਦੋਵੇਂ ਫਾਟਕ ਬੰਦ ਹੋਣ ਨਾਲ ਰਸਤੇ ਵਿਚ ਪੈਣ ਵਾਲੇ ਸੱਤ ਸਕੂਲਾਂ ਵਿਚ ਆਉਣ ਵਾਲੇ ਅਧਿਆਪਕ, ਵਿਦਿਆਰਥੀ ਤੇ ਮਾਪਿਆਂ ਦੇ ਨਾਲ-ਨਾਲ ਚਾਰ ਹਸਪਤਾਲਾਂ ਵਿਚ ਆਉਣ ਵਾਲੇ ਲੋਕਾਂ ਦੇ ਨਾਲ-ਨਾਲ ਦੋਵੇਂ ਪਾਸੇ ਅਰਬਨ ਅਸਟੇਟ, ਗੜ੍ਹਾ, ਜਮਸ਼ੇਰ, ਜਲੰਧਰ ਕੈਂਟ, ਫੋਲੜੀਵਾਲ, 66 ਫੁੱਟੀ ਰੋਡ ਆਦਿ ਨਾਲ ਲੱਗਦੀਆਂ ਕਾਲੋਨੀਆਂ ਦੇ ਲੋਕਾਂ ‘ਤੇ ਇਸ ਦਾ ਅਸਰ ਪਵੇਗਾ। ਅਜਿਹੇ ਵਿਚ ਹੁਣ ਉਹ ਜਾਂ ਤਾਂ ਪਿਮਸ ਦੇ ਸਾਹਮਣਿਓਂ ਹੁੰਦੇ ਹੋਏ ਕੈਂਬ੍ਰਿਜ ਸਕੂਲ ਨਾਲ ਲੱਗਦੇ ਫਾਟਕ ਤੋਂ ਹੁੰਦੇ ਹੋਏ ਕੂਲ ਰੋਡ ਜਾ ਸਕਦੇ ਹਨ ਜਾਂ ਫਿਰ ਸੁਭਾਨਾ ਲਾਗੇ ਬਣੇ ਅੰਡਰਪਾਸ ਦੀ ਵਰਤੋਂ ਕਰਨ।

More Related Stories
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਇੰਨੋਸੈਂਟ ਹਾਰਟਸ ਸਕੂਲ ਵੱਲੋਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਟੈਲੈਂਟ ਹੰਟ ਮੁਕਾਬਲੇ ਦਾ ਆਯੋਜਨ
ਪਹਿਲਾਂ ਪ੍ਰੇਮੀ ਨੂੰ ਸੱਦ ਕੇ ਕੁੱਟਿਆ ਫਿਰ ਥਾਣੇ ਦੇ ਬਾਹਰ ਕਰਵਾਇਆ ਵਿਆਹ