Global Awareness News

Awareness is Power: Know the World

ਪਾਇਲਟ ਦੀ ਮੌਤ-ਦੁਬਈ ਏਅਰ ਸ਼ੋਅ ਦੌਰਾਨ ਲੜਾਕੂ ਜਹਾਜ਼ ਤੇਜਸ ਹਾਦਸਾਗ੍ਰਸਤ

ਪਾਇਲਟ ਦੀ ਮੌਤ-ਦੁਬਈ ਏਅਰ ਸ਼ੋਅ ਦੌਰਾਨ ਲੜਾਕੂ ਜਹਾਜ਼ ਤੇਜਸ ਹਾਦਸਾਗ੍ਰਸਤ

( KOROTANY ) India Punjab: ਦੁਬਈ, 21 ਨਵੰਬਰ (ਏਜੰਸੀ)-ਦੁਬਈ ਏਅਰ ਸ਼ੋਅ ਦੌਰਾਨ ਭਾਰਤੀ ਹਵਾਈ ਸੈਨਾ ਦਾ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਦੇ ਕਰੈਸ਼ ਹੁੰਦੇ ਹੀ ਉਸ ‘ਚ ਅੱਗ ਲੱਗ ਗਈ ਅਤੇ ਹਵਾਈ ਅੱਡੇ ‘ਤੇ ਕਾਲੇ ਧੂੰਏਾ ਦਾ ਗੁਬਾਰ ਦੇਖਿਆ ਗਿਆ। ਹਵਾਈ ਸੈਨਾ ਨੇ ਕਿਹਾ ਕਿ ਇਸ ਹਾਦਸੇ ‘ਚ ਪਾਇਲਟ ਦੀ ਵੀ ਮੌਤ ਹੋ ਗਈ, ਜਿਸ ਦੀ ਪਛਾਣ ਵਿੰਗ ਕਮਾਂਡਰ ਨਮਾਂਸ਼ ਸਿਆਲ ਵਜੋਂ ਹੋਈ ਹੈ। ਨਮਾਂਸ਼ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਸੀ। ਉਸ ਨੂੰ ਦਸੰਬਰ 2009 ‘ਚ ਭਾਰਤੀ ਹਵਾਈ ਸੈਨਾ ‘ਚ ਕਮਿਸ਼ਨ ਦਿੱਤਾ ਗਿਆ ਸੀ ਅਤੇ ਉਹ 184ਵੇਂ ਕੋਰਸ ਤੋਂ ਸੀ। ਇਹ ਹਵਾਈ ਸੈਨਾ ਦੇ ਤੇਜਸ ਜੈੱਟ ਹਾਦਸੇ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਰਾਜਸਥਾਨ ਦੇ ਪੋਖਰਨ ‘ਚ ਇੰਜਣ ਫੇਲ੍ਹ ਹੋਣ ਕਾਰਨ ਤੇਜਸ ਹਾਦਸਾਗ੍ਰਸਤ ਹੋ ਗਿਆ ਸੀ। ਰਿਪੋਰਟਾਂ ਅਨੁਸਾਰ ਤੇਜਸ ਪਾਇਲਟ ਨੈਗੇਟਿਵ ਜੀ-ਫੋਰਸ ਮੋੜ ਤੋਂ ਠੀਕ ਹੋਣ ‘ਚ ਅਸਮਰੱਥ ਸੀ, ਜਿਸ ਦੇ ਨਤੀਜੇ ਵਜੋਂ ਜਹਾਜ਼ ਕੰਟਰੋਲ ਗੁਆ ਬੈਠਾ। ਵੀਡੀਓ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਤੇਜਸ ਜਹਾਜ਼ ਸਿੱਧਾ ਹੇਠਾਂ ਡਿੱਗ ਰਿਹਾ ਹੈ, ਉਹ ਵੀ ਬਿਨਾਂ ਕਿਸੇ ਗਲਾਈਡਿੰਗ ਦੇ। ਇਸ ਦਾ ਮਤਲਬ ਹੈ ਕਿ ਰਿਕਵਰੀ ਅਸਫ਼ਲ ਹੋ ਗਈ ਅਤੇ ਜਹਾਜ਼ ‘ਫ੍ਰੀ ਫਾਲ’ ਵਿਚ ਚਲਾ ਗਿਆ। ਜਦੋਂ ਜਹਾਜ਼ ਅਚਾਨਕ ਹੇਠਾਂ ਵੱਲ ਝੁਕਦਾ ਹੈ ਤਾਂ ਸਰੀਰ ਗੁਰੂਤਾ ਦੀ ਉਲਟ ਦਿਸ਼ਾ ‘ਚ ਜਾਂਦਾ ਹੈ। ਇਸ ਸਮੇਂ ਪਾਇਲਟ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਉਸ ਨੂੰ ਸੀਟ ਤੋਂ ਚੁੱਕਿਆ ਜਾ ਰਿਹਾ ਹੋਵੇ। ਜ਼ਿਕਰਯੋਗ ਹੈ ਕਿ ਸਰਕਾਰੀ ਏਅਰੋਸਪੇਸ ਕੰਪਨੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚ.ਏ.ਐਲ.) ਵਲੋਂ ਨਿਰਮਿਤ ਤੇਜਸ ਜਹਾਜ਼ ਹਵਾ ਵਿਚ ਲੜਾਈ ਅਤੇ ਹਮਲਾਵਰ ਹਵਾਈ ਸਹਾਇਤਾ ਮਿਸ਼ਨਾਂ ਲਈ ਇਕ ਸ਼ਕਤੀਸ਼ਾਲੀ ਪਲੇਟਫਾਰਮ ਹੈ। ਤੇਜਸ ਜਹਾਜ਼ ਭਾਰਤੀ ਫ਼ੌਜ ਦਾ ਮੁੱਖ ਆਧਾਰ ਬਣਨ ਲਈ ਤਿਆਰ ਹਨ। ਰੱਖਿਆ ਮੰਤਰਾਲੇ ਨੇ 2021 ‘ਚ 83 ਤੇਜਸ ਐਮ.ਕੇ.-1ਏ ਜਹਾਜ਼ਾਂ ਦੀ ਖਰੀਦ ਲਈ 48000 ਕਰੋੜ ਰੁਪਏ ਦਾ ਸੌਦਾ ਕੀਤਾ ਸੀ।