Global Awareness News

Awareness is Power: Know the World

ਡੇਰਾਬੱਸੀ ‘ਚ ਐਤਵਾਰ ਦੀ ਛੁੱਟੀ ਦਾ ਲਾਹਾ ਲੈ ਕੇ ਪੱਕੀਆਂ ਚਾਦਰਾਂ ਨਾਲ ਕੀਤਾ ਜਾ ਰਿਹਾ ਸੀ ਕਬਜ਼ਾ ਜੰਗਲਾਤ ਮਹਿਕਮੇ ਨੇ ਸੀਮਿੰਟ ਸੁੱਕਣ ਤੋਂ ਪਹਿਲਾਂ ਹੀ ਢਾਂਚਾ ਕੀਤਾ ਢਹਿ-ਢੇਰੀ

ਡੇਰਾਬੱਸੀ ‘ਚ ਐਤਵਾਰ ਦੀ ਛੁੱਟੀ ਦਾ ਲਾਹਾ ਲੈ ਕੇ ਪੱਕੀਆਂ ਚਾਦਰਾਂ ਨਾਲ ਕੀਤਾ ਜਾ ਰਿਹਾ ਸੀ ਕਬਜ਼ਾ ਜੰਗਲਾਤ ਮਹਿਕਮੇ ਨੇ ਸੀਮਿੰਟ ਸੁੱਕਣ ਤੋਂ ਪਹਿਲਾਂ ਹੀ ਢਾਂਚਾ ਕੀਤਾ ਢਹਿ-ਢੇਰੀ

( KOROTANY ) ਡੇਰਾਬੱਸੀ, 19 ਜਨਵਰੀ 2026 -ਬੀਤੇ ਦਿਨੀਂ ਆਦਰਸ਼ ਨਗਰ ਅਤੇ ਪੰਜਾਬੀ ਬਾਗ ਦੇ ਵਿਚਕਾਰ ਸਥਿਤ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਹੋ ਰਹੀ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਨੂੰ ਵਿਭਾਗ ਨੇ ਨਾ ਸਿਰਫ਼ ਨਾਕਾਮ ਕੀਤਾ, ਸਗੋਂ ਛੁੱਟੀ ਵਾਲੇ ਦਿਨ ਦੀ ਰਾਤ ਦੇ ਹਨੇਰੇ ‘ਚ ਹੀ ਜੇ. ਸੀ. ਬੀ. ਚਲਾ ਕੇ ਸਾਰਾ ਢਾਂਚਾ ਤਹਿਸ-ਨਹਿਸ ਕਰ ਦਿੱਤਾ। ਵਿਭਾਗ ਦੀ ਇਸ ਤੁਰੰਤ ਕਾਰਵਾਈ ਦੀ ਸ਼ਹਿਰ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਆਦਰਸ਼ ਨਗਰ ਦੀ ਗਲੀ ਨੰ. 1 ਦੇ ਪਿਛਲੇ ਪਾਸੇ ਜੰਗਲਾਤ ਵਿਭਾਗ ਦੀ ਜ਼ਮੀਨ ਲੱਗਦੀ ਹੈ।  ਇਥੇ ਇਕ ਮਕਾਨ ਮਾਲਕ ਨੇ ਪਿਛਲੇ ਕਈ ਦਹਾਕਿਆਂ ਤੋਂ ਘਰ ਦੇ ਪਿੱਛੇ ਪੈਂਦੀ ਕਰੀਬ 100 ਗਜ਼ ਸਰਕਾਰੀ ਜ਼ਮੀਨ ‘ਤੇ ਕੱਚੀ ਤਾਰ ਲਗਾ ਕੇ ਆਰਜ਼ੀ ਕਬਜ਼ਾ ਕੀਤਾ ਹੋਇਆ ਸੀ। ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਮਕਾਨ ਮਾਲਕ ਨੇ ਇਸ ਕਬਜ਼ੇ ਨੂੰ ਪੱਕਾ ਕਰਨ ਦੀ ਯੋਜਨਾ ਬਣਾਉਂਦਿਆਂ ਲੇਬਰ ਅਤੇ ਮਿਸਤਰੀ ਬੁਲਾ ਕੇ ਜ਼ਮੀਨ ‘ਤੇ ਸੀਮਿੰਟ ਦੇ ਪਿੱਲਰ ਗੱਡੇ ਅਤੇ ਉਨ੍ਹਾਂ ‘ਚ ਸੀਮਿੰਟ ਦੀਆਂ ਲੰਬੀਆਂ ਚਾਦਰਾਂ ਫਿੱਟ ਕਰਵਾ ਦਿੱਤੀਆਂ। ਕਬਜ਼ਾਧਾਰੀ ਨੂੰ ਲੱਗਾ ਸੀ ਕਿ ਛੁੱਟੀ ਹੋਣ ਕਾਰਨ ਕੋਈ ਅਧਿਕਾਰੀ ਨਹੀਂ ਆਵੇਗਾ, ਪਰ ਜੰਗਲਾਤ ਵਿਭਾਗ ਨੂੰ ਇਸ ਦੀ ਭਿਣਕ ਲੱਗ ਗਈ ਅਤੇ ਪਿੱਲਰਾਂ ਦਾ ਸੀਮਿੰਟ ਸੁੱਕਣ ਤੋਂ ਪਹਿਲਾਂ ਹੀ ਵਿਭਾਗ ਦੀ ਟੀਮ ਰਾਤ ਨੂੰ ਹੀ ਜੇ. ਸੀ. ਬੀ. ਲੈ ਕੇ ਮੌਕੇ ‘ਤੇ ਪਹੁੰਚ ਗਈ ਅਤੇ ਨਾਜਾਇਜ਼ ਉਸਾਰੀ ਨੂੰ ਜੜ੍ਹੋਂ ਪੁੱਟ ਦਿੱਤਾ।  ਹਾਲਾਂਕਿ ਮੌਕੇ ‘ਤੇ ਇਕ ਧਾਰਮਿਕ ਸਥਾਨ ਸਮੇਤ ਹੋਰ ਵੀ ਕਈ ਪੁਰਾਣੇ ਕਬਜ਼ੇ ਮੌਜੂਦ ਹਨ, ਪਰ ਵਿਭਾਗ ਨੇ ਸਿਰਫ਼ ਤਾਜ਼ਾ ਹੋ ਰਹੀ ਉਸਾਰੀ ਨੂੰ ਹੀ ਨਿਸ਼ਾਨਾ ਬਣਾਇਆ। ਇਸ ਸਨਬੰਧੀ ਜੰਗਲਾਤ ਵਿਭਾਗ ਡੇਰਾਬੱਸੀ ਦੇ ਰੇਂਜਰ ਜੈ ਸਿੰਘ ਨੇ ਸਪੱਸ਼ਟ ਕੀਤਾ ਕਿ ਨਾਜਾਇਜ਼ ਕਬਜ਼ੇ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁਰਾਣੇ ਕਬਜ਼ਿਆਂ ਸਨਬੰਧੀ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਕਈ ਮਾਮਲੇ ਅਦਾਲਤ ‘ਚ ਵਿਚਾਰ ਅਧੀਨ ਹਨ, ਪਰ ਇਸ ਮਾਮਲੇ ‘ਚ ਤਾਜ਼ਾ ਕਬਜ਼ਾ ਕੀਤਾ ਜਾ ਰਿਹਾ ਸੀ, ਜਿਸ ਨੂੰ ਰੋਕਣ ਲਈ ਨੋਟਿਸ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਜੇ. ਸੀ. ਬੀ. ਨਾਲ ਕਾਰਵਾਈ ਕੀਤੀ ਗਈ ਹੈ।