ਸੀਐਮਡੀ ਦੇ ਭਰੋਸੇ ਮਗਰੋਂ ਥਰਮਲ ਕੰਟਰੈਕਟਰ ਕਾਮਿਆਂ ਦਾ ਪੱਕਾ ਧਰਨਾ ਸਮਾਪਤ
( KOROTANY) 03 ਸਤੰਬਰ 2026 ਦੀ ਬੋਰਡ ਮੀਟਿੰਗ ‘ਚ ਮੰਗਾਂ ਨੂੰ ਮਨਜ਼ੂਰੀ ਦੇਣ ਦਾ ਭਰੋਸਾ, ਦੋ ਦਿਨਾਂ ਅੰਦਰ ਜੁਆਇਨਿੰਗ ਲੈਟਰ ਜਾਰੀ ਕਰਨ ਦਾ ਕੀਤਾ ਵਾਅਦਾ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੁੱਖ ਗੇਟ ਅੱਗੇ ਸਾਂਝੀ ਥਰਮਲ ਕੰਟਰੈਕਟਰਜ਼ ਵਰਕਰਜ਼ ਸੰਘਰਸ਼ ਕਮੇਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਪੱਕਾ ਧਰਨਾ ਪਾਵਰਕਾਮ ਮੈਨੇਜਮੈਂਟ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ।
ਧਰਨਾ ਸਮਾਪਤ ਹੋਣ ਉਪਰੰਤ ਸਮੂਹ ਕੰਟਰੈਕਟਰ ਕਾਮੇ ਆਪੋ-ਆਪਣੀਆਂ ਡਿਊਟੀਆਂ ‘ਤੇ ਵਾਪਸ ਚਲੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਰਾਜਕੁਮਾਰ ਤਿਵਾੜੀ ਅਤੇ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ 1 ਸਤੰਬਰ 2026 ਨੂੰ ਪਾਵਰਕਾਮ ਦੇ ਸੀਐਮਡੀ ਬਸੰਤ ਗਰਗ, ਡਾਇਰੈਕਟਰ ਜਨਰੇਸ਼ਨ ਪੁਨਰਦੀਪ ਸਿੰਘ ਬਰਾੜ, ਆਈ.ਆਰ. ਰਣਬੀਰ ਸਿੰਘ ਅਤੇ ਸਾਂਝੀ ਥਰਮਲ ਕੰਟਰੈਕਟਰਜ਼ ਵਰਕਰਜ਼ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਵਿਚਕਾਰ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਕਾਮਿਆਂ ਦੀਆਂ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕੁਝ ਅਹਿਮ ਸਹਿਮਤੀਆਂ ਬਣੀਆਂ।ਸੰਘਰਸ਼ ਕਮੇਟੀ ਦੀ ਮੁੱਖ ਮੰਗ ਸੀ ਕਿ 30 ਜੂਨ 2026 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੰਟਰੈਕਟਰ ਕਾਮਿਆਂ ਨੂੰ ਸਿੱਧੇ ਠੇਕੇ ‘ਤੇ ਰੱਖਣ ਦੀ ਪ੍ਰਕਿਰਿਆ ਮੁਕੰਮਲ ਕਰਕੇ ਉਨ੍ਹਾਂ ਨੂੰ ਨਿਯੁਕਤੀ/ਜੁਆਇਨਿੰਗ ਪੱਤਰ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ 30 ਜੁਲਾਈ 2026 ਤੋਂ 2 ਸਤੰਬਰ 2026 ਤੱਕ ਚੱਲੀ ਹੜਤਾਲ ਦੇ ਸਮੇਂ ਦੀ ਤਨਖਾਹ ਜਾਰੀ ਕਰਨ ਦੀ ਮੰਗ ਵੀ ਰੱਖੀ ਗਈ।ਕਮੇਟੀ ਦੇ ਆਗੂਆਂ ਅਨੁਸਾਰ, ਪਾਵਰਕਾਮ ਮੈਨੇਜਮੈਂਟ ਨੇ ਭਰੋਸਾ ਦਿੱਤਾ ਕਿ 3 ਸਤੰਬਰ 2026 ਨੂੰ ਹੋਣ ਵਾਲੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਇਨ੍ਹਾਂ ਮੰਗਾਂ ਸਬੰਧੀ ਲੋੜੀਂਦੀ ਪ੍ਰਵਾਨਗੀ ਲਈ ਜਾਵੇਗੀ।
ਪ੍ਰਵਾਨਗੀ ਮਿਲਣ ਉਪਰੰਤ ਦੋ ਦਿਨਾਂ ਦੇ ਅੰਦਰ-ਅੰਦਰ ਕੰਟਰੈਕਟਰ ਕਾਮਿਆਂ ਨੂੰ ਜੁਆਇਨਿੰਗ ਲੈਟਰ ਜਾਰੀ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਪਾਵਰਕਾਮ ਮੈਨੇਜਮੈਂਟ ਵੱਲੋਂ ਦਿੱਤੇ ਇਸ ਭਰੋਸੇ ਤੋਂ ਬਾਅਦ ਸੰਘਰਸ਼ ਕਮੇਟੀ ਨੇ ਆਪਣਾ ਲਗਾਤਾਰ ਚੱਲ ਰਿਹਾ ਧਰਨਾ ਅੱਜ ਸਮਾਪਤ ਕਰਨ ਦਾ ਫੈਸਲਾ ਕੀਤਾ। ਕਮੇਟੀ ਆਗੂਆਂ ਨੇ ਕਿਹਾ ਕਿ ਉਹ ਮੈਨੇਜਮੈਂਟ ਵੱਲੋਂ ਦਿੱਤੇ ਭਰੋਸੇ ‘ਤੇ ਭਰੋਸਾ ਕਰਦਿਆਂ ਕਾਮਿਆਂ ਨੂੰ ਮੁੜ ਡਿਊਟੀਆਂ ‘ਤੇ ਭੇਜ ਰਹੇ ਹਨ।ਧਰਨੇ ਦੌਰਾਨ ਕੰਟਰੈਕਟਰ ਕਾਮਿਆਂ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਸੰਘਰਸ਼ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਆਗੂਆਂ ਨੇ ਭਰਾਤਰੀ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨੇ ਸੰਘਰਸ਼ ਨੂੰ ਮਜ਼ਬੂਤੀ ਦਿੱਤੀ।
ਇਸ ਮੌਕੇ ਬਲਵਿੰਦਰ ਸਿੰਘ, ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਥਰਮਲ ਯੂਨਿਟ ਰੂਪਨਗਰ, ਪਵਨਪ੍ਰੀਤ ਸਿੰਘ, ਆਰ.ਟੀ.ਪੀ. ਇੰਪਲਾਈਜ਼ ਯੂਨੀਅਨ, ਜਗਵਿੰਦਰ ਸਿੰਘ ਜੱਗੀ, ਐਸ.ਸੀ./ਬੀ.ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ, ਦਵਿੰਦਰ ਸਿੰਘ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਟੇਟ ਕੈਸ਼ੀਅਰ, ਰਾਮ ਸਿੰਘ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਟੇਟ ਪ੍ਰੈਸ ਸਕੱਤਰ, ਰਜਿੰਦਰ ਸਿੰਘ, ਸਤਨਾਮ ਸਿੰਘ ਗੁਨੋਮਾਜਰਾ, ਗਗਨਦੀਪ ਸਿੰਘ, ਹੀਰਾ ਰਾਣਾ, ਗੁਰਚਰਨ ਸਿੰਘ, ਤਰਨ ਲੋਤਰਾ, ਜਸਕਰਨ ਸਿੰਘ, ਹਰਪ੍ਰੀਤ ਸਿੰਘ ਹੈਪੀ, ਹਰਜਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਥਰਮਲ ਕਾਮੇ ਹਾਜ਼ਰ ਸਨ।ਕਮੇਟੀ ਆਗੂਆਂ ਨੇ ਕਿਹਾ ਕਿ ਹੁਣ ਸਾਰਿਆਂ ਦੀਆਂ ਨਜ਼ਰਾਂ 3 ਸਤੰਬਰ ਨੂੰ ਹੋਣ ਵਾਲੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ‘ਤੇ ਟਿਕੀਆਂ ਹਨ ਅਤੇ ਕਾਮਿਆਂ ਨੂੰ ਉਮੀਦ ਹੈ ਕਿ ਮੈਨੇਜਮੈਂਟ ਵੱਲੋਂ ਦਿੱਤਾ ਗਿਆ ਭਰੋਸਾ ਜਲਦ ਅਮਲ ਵਿੱਚ ਲਿਆਂਦਾ ਜਾਵੇਗਾ।

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਰਾਘਵ ਚੱਢਾ ਨੇ 30-ਦਿਨਾਂ ਦੇ ਰੀਚਾਰਜ ਪਲਾਨ ਲਾਗੂ ਕਰਨ ਲਈ ਧੰਨਵਾਦ ਪ੍ਰਗਟ ਕੀਤਾ