Global Awareness News

Awareness is Power: Know the World

ਤਾਜਪੁਰ ਰੋਡ ‘ਤੇ ਪ੍ਰਾਪਰਟੀ ਕਾਰੋਬਾਰੀ ਪਰਮਿੰਦਰ ਬਾਜਵਾ ‘ਤੇ ਜਾਨਲੇਵਾ ਹਮਲਾ

ਤਾਜਪੁਰ ਰੋਡ ‘ਤੇ ਪ੍ਰਾਪਰਟੀ ਕਾਰੋਬਾਰੀ ਪਰਮਿੰਦਰ ਬਾਜਵਾ ‘ਤੇ ਜਾਨਲੇਵਾ ਹਮਲਾ

–ਗੋਲ਼ੀ ਮਾਰਨ ਦੀ ਧਮਕੀ ਦੇਣ ਤੇ 2 ਲੱਖ ਲੁੱਟਣ ਦੇ ਮਾਮਲੇ ‘ਚ ਦੋ ਮੁਲਜ਼ਮ ਕਾਬੂ, ਅਦਾਲਤ ਨੇ ਨਿਆਂਇਕ ਹਿਰਾਸਤ ‘ਚ ਭੇਜੇ

–ਦੋ ਬਾਈਕਾਂ ‘ਤੇ ਆਏ ਛੇ ਹਮਲਾਵਰਾਂ ਨੇ ਬੇਸਬਾਲ ਨਾਲ ਤੋੜੇ ਕਾਰ ਦੇ ਸ਼ੀਸ਼ੇ

—ਪੁਰਾਣੇ ਗੋਲੀਕਾਂਡ ਦੀ ਰੰਜਿਸ਼ ਨਾਲ ਜੋੜ ਕੇ ਦੇਖਿਆ ਜਾ ਰਿਹੈ ਮਾਮਲਾ

 ( KOROTANY ) 16-09-2026, ਲੁਧਿਆਣਾ

ਤਾਜਪੁਰ ਰੋਡ ‘ਤੇ ਕੇਂਦਰੀ ਜੇਲ੍ਹ ਨੇੜੇ ਪ੍ਰਾਪਰਟੀ ਕਾਰੋਬਾਰੀ ਪਰਮਿੰਦਰ ਸਿੰਘ ਬਾਜਵਾ ‘ਤੇ ਛੇ ਹਥਿਆਰਬੰਦ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

ਦੋ ਮੋਟਰਸਾਈਕਲਾਂ ‘ਤੇ ਸਵਾਰ ਹਮਲਾਵਰਾਂ ਨੇ ਬਾਜਵਾ ਦੀ ਕਾਰ ਨੂੰ ਘੇਰ ਕੇ ਉਸ ਦੇ ਸ਼ੀਸ਼ੇ ਤੋੜ ਦਿੱਤੇ ਤੇ ਉਸਨੂੰ ਗੱਡੀ ‘ਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਮੁਲਜ਼ਮ ਨੇ ਪਿਸਤੌਲ ਕੱਢ ਕੇ ਬਾਜਵਾ ਵੱਲ ਤਾਣ ਦਿੱਤੀ ਅਤੇ ਰੌਲ਼ਾ ਪਾਉਣ ‘ਤੇ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ। ਹਮਲੇ ਦੌਰਾਨ ਬਾਜਵਾ ਕੋਲ ਮੌਜੂਦ ਕਾਲੇ ਰੰਗ ਦੇ ਲਿਫਾਫੇ ਵਿੱਚੋਂ 2 ਲੱਖ ਰੁਪਏ ਨਕਦ ਅਤੇ ਅਹਿਮ ਦਸਤਾਵੇਜ਼ ਲੈ ਜਾਣ ਦੇ ਵੀ ਦੋਸ਼ ਹਨ। ਪੁਲਿਸ ਨੇ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਦੋਵਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਸੈਕਟਰ-32, ਸਮਰਾਲਾ ਰੋਡ ਵਾਸੀ ਪਰਮਿੰਦਰ ਸਿੰਘ ਬਾਜਵਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪ੍ਰਾਪਰਟੀ ਡੀਲਿੰਗ ਦੇ ਨਾਲ-ਨਾਲ ਖੇਤੀਬਾੜੀ ਦੇ ਕਾਰੋਬਾਰ ਨਾਲ ਵੀ ਜੁੜੇ ਹੋਏ ਹਨ। 13 ਸਤੰਬਰ ਦੀ ਰਾਤ ਕਰੀਬ 8 ਵਜੇ ਉਹ ਕਾਰ ਵਿੱਚ ਨਿੱਜੀ ਕੰਮ ਲਈ ਸੀਕੇ ਸਿਟੀ ਵੱਲ ਜਾ ਰਹੇ ਸਨ। ਜਦੋਂ ਉਹ ਤਾਜਪੁਰ ਰੋਡ ‘ਤੇ ਕੇਂਦਰੀ ਜੇਲ੍ਹ ਲੁਧਿਆਣਾ ਨੇੜੇ ਗਰਿੱਡ ਕੋਲ ਪਹੁੰਚੇ ਤਾਂ ਦੋ ਬਾਈਕਾਂ ‘ਤੇ ਸਵਾਰ ਛੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ। ਬਾਜਵਾ ਅਨੁਸਾਰ, ਹਮਲਾਵਰਾਂ ਵਿੱਚ ਸ਼ਾਮਲ ਸੁਖਵਿੰਦਰ ਸਿੰਘ ਕੋਲ ਤੇਜ਼ਧਾਰ ਹਥਿਆਰ ਸੀ। ਉਸ ਨੇ ਕਾਰ ਦੇ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਤੋੜ ਦਿੱਤਾ ਤੇ ਬਾਜਵਾ ਨੂੰ ਗਲਮੇ ਤੋਂ ਫੜ ਕੇ ਗੱਡੀ ਵਿੱਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਥਿਤ ਤੌਰ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸੇ ਸਮੇਂ ਜਸਪ੍ਰੀਤ ਸਿੰਘ ਨੇ ਵੀ ਤੇਜ਼ਧਾਰ ਹਥਿਆਰ ਨਾਲ ਕਾਰ ਦੇ ਸਾਈਡ ਵਾਲੇ ਸ਼ੀਸ਼ੇ ‘ਤੇ ਵਾਰ ਕੀਤਾ।

–ਪਿਸਤੌਲ ਤਾਣ ਕੇ ਕਿਹਾ, ਰੌਲ਼ਾ ਪਾਇਆ ਤਾਂ ਮਾਰ ਦਿਆਂਗੇ ਗੋਲ਼ੀ

ਸ਼ਿਕਾਇਤ ਮੁਤਾਬਕ, ਜਦੋਂ ਬਾਜਵਾ ਨੇ ਮਦਦ ਲਈ ਰੌਲਾ ਪਾਇਆ ਤਾਂ ਸੁਨੀਲ ਕੁਮਾਰ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਕੇ ਉਸ ਵੱਲ ਤਾਣ ਦਿੱਤੀ। ਉਸ ਨੇ ਕਥਿਤ ਤੌਰ ‘ਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਇਸ ਦੌਰਾਨ ਇੱਕ ਹੋਰ ਅਣਪਛਾਤੇ ਵਿਅਕਤੀ ਨੇ ਬੇਸਬਾਲ ਬੈਟ ਨਾਲ ਕਾਰ ਦੇ ਅਗਲੇ ਸ਼ੀਸ਼ੇ ‘ਤੇ ਜ਼ੋਰਦਾਰ ਵਾਰ ਕਰਕੇ ਉਸ ਨੂੰ ਤੋੜ ਦਿੱਤਾ। ਬਾਜਵਾ ਨੇ ਦੱਸਿਆ ਕਿ ਹਮਲਾਵਰਾਂ ਤੋਂ ਆਪਣੀ ਜਾਨ ਬਚਾਉਣ ਲਈ ਉਸ ਨੇ ਸੜਕ ‘ਤੇ ਇਕੱਠੀ ਹੋ ਰਹੀ ਭੀੜ ਦਾ ਦੇ ਚਲਦਿਆਂ ਨੁਕਸਾਨੀ ਹੋਈ ਕਾਰ ਨੂੰ ਉਥੋਂ ਭਜਾ ਲਿਆ। ਹਮਲਾਵਰਾਂ ਨੇ ਕਥਿਤ ਤੌਰ ‘ਤੇ ਉਸ ਦੀ ਕਾਰ ਦਾ ਪਿੱਛਾ ਵੀ ਕੀਤਾ, ਪਰ ਹਨੇਰੇ ਹੁਣ ਕਾਰਨ ਬਾਜਵਾ ਹਮਲਾਵਰਾਂ ਤੋਂ ਬਚਣ ਵਿੱਚ ਕਾਮਯਾਬ ਰਹੇ। ਇਸ ਤੋਂ ਬਾਅਦ ਉਹ ਸਿੱਧਾ ਆਪਣੇ ਘਰ ਪਹੁੰਚੇ। ਘਰ ਪਹੁੰਚਣ ਸਮੇਂ ਉਸ ਦੀ ਹਾਲਤ ਠੀਕ ਨਾ ਹੋਣ ਕਾਰਨ ਬਾਜਵਾ ਦੀ ਪਤਨੀ ਪਰਮਜੀਤ ਕੌਰ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲੁਧਿਆਣਾ ਲੈ ਕੇ ਗਏ, ਜਿੱਥੇ ਉਨ੍ਹਾਂ ਦਾ ਇਲਾਜ ਕਰਵਾਇਆ।

-2 ਲੱਖ ਰੁਪਏ ਵਾਲਾ ਲਿਫ਼ਾਫ਼ਾ ਵੀ ਲੈ ਗਏ ਹਮਲਾਵਰ

ਬਾਜਵਾ ਦੇ ਬਿਆਨਾਂ ਮੁਤਾਬਕ, ਹਮਲੇ ਦੌਰਾਨ ਉਸ ਕੋਲ ਕਾਲੇ ਰੰਗ ਦਾ ਇੱਕ ਲਿਫਾਫਾ ਸੀ, ਜਿਸ ਵਿੱਚ 2 ਲੱਖ ਰੁਪਏ ਨਕਦ ਅਤੇ ਕੁਝ ਅਹਿਮ ਦਸਤਾਵੇਜ਼ ਸਨ। ਹਮਲਾਵਰ ਕਥਿਤ ਤੌਰ ‘ਤੇ ਇਹ ਲਿਫਾਫਾ ਵੀ ਆਪਣੇ ਨਾਲ ਲੈ ਗਏ। ਪੁਲਿਸ ਨੇ ਬਾਜਵਾ ਦੀ ਸ਼ਿਕਾਇਤ ਦੇ ਆਧਾਰ ‘ਤੇ ਜਸਪ੍ਰੀਤ ਸਿੰਘ ਵਾਸੀ ਭਾਮੀਆਂ ਕਲਾਂ, ਜਮਾਲਪੁਰ, ਸੁਨੀਲ ਕੁਮਾਰ ਵਾਸੀ ਮੁਹੱਲਾ ਫਤਿਹਗੜ੍ਹ, ਸੁਖਵਿੰਦਰ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

-27 ਅਗਸਤ ਦੇ ਗੋਲੀਕਾਂਡ ਨਾਲ ਜੁੜੀ ਰੰਜਿਸ਼ ਦਾ ਵੀ ਦੋਸ਼

ਪਰਮਿੰਦਰ ਬਾਜਵਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੋਸ਼ ਲਾਇਆ ਕਿ ਜਸਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਉਹੀ ਵਿਅਕਤੀ ਹਨ, ਜਿਨ੍ਹਾਂ ਵੱਲੋਂ 27 ਅਗਸਤ ਨੂੰ ਉਸ ‘ਤੇ ਗੋਲ਼ੀ ਚਲਾਉਣ ਦੇ ਦੋਸ਼ ਲਾਏ ਸਨ। ਇਸ ਸਬੰਧੀ ਬਾਜਵਾ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਸੀ। ਹਾਲਾਂਕਿ ਬਾਜਵਾ ਦਾ ਦਾਅਵਾ ਹੈ ਕਿ ਗੋਲ਼ੀ ਚਲਾਉਣ ਦੀ ਦੱਸੀ ਗਈ ਘਟਨਾ ਸਮੇਂ ਉਹ ਆਪਣੇ ਘਰ ਵਿੱਚ ਮੌਜੂਦ ਸੀ। ਬਾਜਵਾ ਦੀ ਪਤਨੀ ਵੱਲੋਂ ਪੰਜਾਬ ਦੇ ਡੀਜੀਪੀ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਨਾਲ ਘਰ ਵਿੱਚ ਬਾਜਵਾ ਦੀ ਮੌਜੂਦਗੀ ਸਬੰਧੀ ਸੀਸੀਟੀਵੀ ਫੁਟੇਜ ਵੀ ਭੇਜੀ ਸੀ। ਪੁਲਿਸ ਕਮਿਸ਼ਨਰ ਵੱਲੋਂ ਇਸ ਮਾਮਲੇ ਦੀ ਜਾਂਚ ਲੁਧਿਆਣਾ ਸੀਆਈਏ ਨੂੰ ਸੌਂਪੀ ਸੀ। ਹੁਣ ਤਾਜਪੁਰ ਰੋਡ ‘ਤੇ ਹੋਏ ਹਮਲੇ ਨੂੰ ਵੀ ਇਸੇ ਪੁਰਾਣੇ ਵਿਵਾਦ ਦੀ ਕੜੀ ਵਜੋਂ ਦੇਖਦਿਆਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਦੋਵਾਂ ਨੂੰ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਜਾਰੀ ਹੈ।