Global Awareness News

Awareness is Power: Know the World

5 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, ਪੰਜਾਬ ਮੰਤਰੀ ਮੰਡਲ ਦਾ ਪੁਨਰਗਠਨ

5 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ,  ਪੰਜਾਬ ਮੰਤਰੀ ਮੰਡਲ ਦਾ ਪੁਨਰਗਠਨ 

ਚੰਡੀਗੜ੍ਹ, 23 ਸਤੰਬਰ-ਭਗਵੰਤ ਮਾਨ ਸਰਕਾਰ ਦੇ ਅੱਜ ਚੌਥੀ ਵਾਰ ਹੋਏ ਪੁਨਰਗਠਨ ਦੌਰਾਨ 5 ਨਵੇਂ ਮੰਤਰੀਆਂ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸਹੁੰ ਚੁਕਵਾਈ ਗਈ, ਜਦੋਂ ਚਾਰ ਕੈਬਨਿਟ ਮੰਤਰੀਆਂ ਤੋਂ ਲਏ ਗਏ ਅਸਤੀਫ਼ਿਆਂ ਨੂੰ ਮੁੱਖ ਮੰਤਰੀ ਦੀ ਸਿਫ਼ਾਰਸ਼ ‘ਤੇ ਰਾਜਪਾਲ ਵਲੋਂ ਪ੍ਰਵਾਨ ਕਰ ਲਿਆ ਗਿਆ। ਜਿਨ੍ਹਾਂ 5 ਮੰਤਰੀਆਂ ਨੂੰ ਅੱਜ ਮੰਤਰੀ ਮੰਡਲ ‘ਚ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ‘ਚ ਹਰਦੀਪ ਸਿੰਘ ਮੁੰਡੀਆਂ (ਸਾਹਨੇਵਾਲ), ਬਰਿੰਦਰ ਕੁਮਾਰ ਗੋਇਲ (ਲਹਿਰਾਗਾਗਾ), ਤਰੁਨਪ੍ਰੀਤ ਸਿੰਘ ਸੋਂਦ (ਖੰਨਾ), ਡਾ. ਰਵਜੋਤ ਸਿੰਘ (ਸ਼ਾਮਚੁਰਾਸੀ) ਤੇ ਮਹਿੰਦਰ ਭਗਤ (ਜਲੰਧਰ ਪੱਛਮੀ) ਸ਼ਾਮਿਲ ਹਨ। ਮੰਤਰੀਆਂ ਦੇ ਵਿਭਾਗਾਂ ‘ਚ ਹੋਏ ਰੱਦੋਬਦਲ ਅਨੁਸਾਰ ਮੁੱਖ ਮੰਤਰੀ ਕੋਲ ਹੁਣ ਗ੍ਰਹਿ ਵਿਭਾਗ, ਪ੍ਰਸੋਨਲ, ਸਹਿਕਾਰਤਾ, ਕਾਨੂੰਨੀ ਮਾਮਲੇ, ਸ਼ਹਿਰੀ ਹਵਾਬਾਜ਼ੀ, ਸਾਇੰਸ ਤਕਨਾਲੋਜੀ ਤੇ ਵਾਤਾਵਰਨ ਅਤੇ ਖੇਡਾਂ ਤੇ ਨੌਜਵਾਨ ਸੇਵਾਵਾਂ ਦੇ ਵਿਭਾਗ ਰਹਿ ਗਏ ਹਨ। ਹਰਪਾਲ ਸਿੰਘ ਚੀਮਾ ਕੋਲ ਮੌਜੂਦਾ ਵਿੱਤ, ਯੋਜਨਾ ਪ੍ਰੋਗਰਾਮ ਲਾਗੂ ਕਰਨ ਅਤੇ ਕਰ ਤੇ ਆਬਕਾਰੀ ਦੇ ਮੌਜੂਦਾ ਵਿਭਾਗ ਰਹਿਣਗੇ। ਅਮਨ ਅਰੋੜਾ ਕੋਲ ਵੀ ਮੌਜੂਦਾ ਨਵਿਆਉਣਯੋਗ ਊਰਜਾ, ਪਿ੍ੰਟਿੰਗ ਤੇ ਸਟੇਸ਼ਨਰੀ, ਗਵਰਨੈਂਸ ਰਿਫ਼ਾਰਮ ਤੇ ਸ਼ਿਕਾਇਤਾਂ ਤੇ ਰੁਜ਼ਗਾਰ ਉਤਪਾਦਨ ਤੇ ਟ੍ਰੇਨਿੰਗ ਦੇ ਵਿਭਾਗ ਰਹਿਣਗੇ।  ਡਾ. ਬਲਜੀਤ ਕੌਰ ਕੋਲ ਵੀ ਸਮਾਜਿਕ ਸੁਰੱਖਿਆ ਤੇ ਇਨਸਾਫ਼ ਤੇ ਔਰਤਾਂ ਤੇ ਬੱਚਿਆਂ ਦੇ ਵਿਕਾਸ ਦੇ ਵਿਭਾਗ ਅਤੇ ਕੁਲਦੀਪ ਸਿੰਘ ਧਾਲੀਵਾਲ ਕੋਲ ਐਨ.ਆਰ.ਆਈ. ਮਾਮਲੇ ਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਵਿਭਾਗ ਰਹਿਣਗੇ। ਡਾ. ਬਲਬੀਰ ਸਿੰਘ ਕੋਲ ਸਿਹਤ ਤੇ ਪਰਿਵਾਰ ਕਲਿਆਣ, ਮੈਡੀਕਲ ਸਿੱਖਿਆ ਤੇ ਖੋਜ ਤੇ ਚੋਣਾਂ ਦੇ ਵਿਭਾਗ ਹੋਣਗੇ ਜਦੋਂ ਕਿ ਨਵੇਂ ਬਣੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਕੋਲ ਮਾਲ ਤੇ ਮੁੜ ਵਸੇਬਾ, ਜਲ ਸਪਲਾਈ ਤੇ ਸੈਨੀਟੇਸ਼ਨ, ਮਕਾਨ ਉਸਾਰੀ ਸ਼ਹਿਰੀ ਵਿਕਾਸ ਦੇ ਵਿਭਾਗ ਹੋਣਗੇ। ਲਾਲ ਚੰਦ ਕਟਾਰੂਚੱਕ ਕੋਲ ਵੀ ਮੌਜੂਦਾ ਫੂਡ ਤੇ ਸਪਲਾਈ, ਜੰਗਲਾਤ ਤੇ ਜੰਗਲੀ ਜਨਜੀਵਨ ਦੇ ਵਿਭਾਗ, ਲਾਲਜੀਤ ਸਿੰਘ ਭੁੱਲਰ ਕੋਲ ਟਰਾਂਸਪੋਰਟ ਤੇ ਜੇਲ੍ਹਾਂ ਦੇ ਵਿਭਾਗ ਹੋਣਗੇ। ਹਰਜੋਤ ਸਿੰਘ ਬੈਂਸ ਨੂੰ ਨਵਾਂ ਸੂਚਨਾ ਤੇ ਲੋਕ ਸੰਪਰਕ ਦਾ ਮਹੱਤਵਪੂਰਨ ਵਿਭਾਗ ਦਿੱਤਾ ਗਿਆ ਹੈ ਜਦੋਂ ਕਿ ਉਨ੍ਹਾਂ ਕੋਲ ਮੌਜੂਦਾ ਤਕਨੀਕੀ ਸਿੱਖਿਆ ਤੇ ਸਨਅਤੀ ਟ੍ਰੇਨਿੰਗ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਦੇ ਵਿਭਾਗ ਵੀ ਰਹਿਣਗੇ। ਹਰਭਜਨ ਸਿੰਘ ਈ.ਟੀ.ਓ. ਕੋਲ ਬਿਜਲੀ ਵਿਭਾਗ ਤੋਂ ਇਲਾਵਾ ਪਬਲਿਕ ਵਰਕਸ (ਸੜਕਾਂ ਤੇ ਭਵਨ ਨਿਰਮਾਨ) ਵਿਭਾਗ , ਬਰਿੰਦਰ ਕੁਮਾਰ ਗੋਇਲ ਨੂੰ ਮਾਈਨਿੰਗ ਤੇ ਜਿਆਲੋਜੀ, ਜਲ ਸਰੋਤ ਤੇ ਪਾਣੀ ਤੇ ਭੂਮੀ ਦਾ ਰਖਾਵ ਵਿਭਾਗ ਹੋਵੇਗਾ। ਰੁਨਪ੍ਰੀਤ ਸਿੰਘ ਸੋਂਧ ਨੂੰ ਸੈਰ ਸਪਾਟਾ, ਸੱਭਿਆਚਾਰਕ ਮਾਮਲੇ, ਨਿਵੇਸ਼, ਲੇਬਰ, ਪ੍ਰਾਹੁਣਾਚਾਰੀ, ਸਨਅਤ ਤੇ ਕਾਮਰਸ ਅਤੇ ਦਿਹਾਤੀ ਵਿਕਾਸ ਤੇ ਪੰਚਾਇਤਾਂ ਦੇ ਵਿਭਾਗ ਹੋਣਗੇ। ਡਾ. ਰਵਜੋਤ ਸਿੰਘ ਨੂੰ ਸਥਾਨਕ ਸਰਕਾਰਾਂ ਅਤੇ ਪਾਰਲੀਮਾਨੀ ਮਾਮਲਿਆਂ ਦੇ ਵਿਭਾਗ ਦਿੱਤੇ ਗਏ ਹਨ, ਜਦੋਂ ਕਿ ਗੁਰਮੀਤ ਸਿੰਘ ਖੁਡੀਆ ਨੂੰ ਖੇਤੀ ਤੇ ਕਿਸਾਨੀ ਮਾਮਲੇ, ਪਸ਼ੂ ਤੇ ਮੱਛੀ ਪਾਲਣ ਤੇ ਡੇਰੀ ਅਤੇ ਫੂਡ ਪ੍ਰੋਸੈਸਿੰਗ ਦੇ ਵਿਭਾਗ ਦਿੱਤੇ ਗਏ ਹਨ। ਮਹਿੰਦਰ ਭਗਤ ਨੂੰ ਸੈਨਿਕ ਸੇਵਾਵਾਂ ਕਲਿਆਣ, ਫਰੀਡਮ ਫਾਈਟਰ ਤੇ ਬਾਗ਼ਬਾਨੀ ਦੇ ਵਿਭਾਗ ਦਿੱਤੇ ਗਏ ਹਨ। ਨਵੇਂ ਸਾਰੇ ਪੰਜ ਮੰਤਰੀਆਂ ਵਲੋਂ ਅੱਜ ਆਪਣੀ ਸਹੁੰ ਪੰਜਾਬੀ ਵਿਚ ਚੁੱਕੀ ਗਈ ਪਰ ਸਰਕਾਰ ਵਲੋਂ ਇਸ ਸਮਾਗਮ ਨੂੰ ਬਹੁਤ ਸਾਦਾ ਰੱਖਿਆ ਗਿਆ। ਦਿਲਚਸਪ ਗੱਲ ਇਹ ਸੀ ਕਿ ਪਾਰਟੀ ਹਾਈਕਮਾਨ ਵਲੋਂ ਕੋਈ ਵੀ ਆਗੂ ਸਹੁੰ ਚੁੱਕ ਸਮਾਗਮ ਵਿਚ ਹਾਜ਼ਰ ਨਹੀਂ ਸੀ ਅਤੇ ਮੁੱਖ ਮੰਤਰੀ ਵੀ ਸਮਾਗਮ ਸ਼ੁਰੂ ਹੋਣ ਮੌਕੇ ਹੀ ਪੁੱਜੇ ਤੇ ਸਮਾਗਮ ਤੋਂ ਤੁਰੰਤ ਬਾਅਦ ਚਲੇ ਗਏ। ਪਾਰਟੀ ਹਾਈਕਮਾਨ ਨੇ ਅੱਜ ਦੇ ਸਮਾਗਮ ਤੋਂ ਕਿਉਂ ਦੂਰੀ ਬਣਾਈ ਇਸ ਦਾ ਕੋਈ ਸਪਸ਼ਟੀਕਰਨ ਨਹੀਂ ਮਿਲ ਰਿਹਾ ਸੀ। ਇਕ ਹੋਰ ਦਿਲਚਸਪ ਪਹਿਲੂ ਇਹ ਸੀ ਕਿ ਕੁਝ ਮੌਜੂਦਾ ਮੰਤਰੀਆਂ ਨੂੰ ਅੱਜ ਨਵੇਂ ਬਣੇ ਮੰਤਰੀਆਂ ਤੋਂ ਵੀ ਸੀਨੀਆਰਤਾ ਵਿਚ ਹੇਠਾਂ ਕਰ ਦਿੱਤਾ ਗਿਆ। 

ਸੰਗਰੂਰ ਤੋਂ 4 ਮੰਤਰੀ, 12 ਜ਼ਿਲਿ੍ਹਆਂ ਤੋਂ ਇਕ ਵੀ ਮੰਤਰੀ ਨਹੀਂ, ਸੀਨੀਅਰ ਵਿਧਾਇਕ ਫਿਰ ਹੋਏ ਅੱਖੋਂ ਪਰੋਖੇ

ਦਿਲਚਸਪ ਗੱਲ ਇਹ ਹੈ ਕਿ ਪੁਨਰਗਠਨ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਸੰਗਰੂਰ ਜ਼ਿਲ੍ਹੇ ਦੀ ਮੰਤਰੀ ਮੰਡਲ ਵਿਚ ਸਭ ਤੋਂ ਵੱਧ ਨੁਮਾਇੰਦਗੀ ਹੈ ਜਿਸ ਦੇ 4 ਮੰਤਰੀ ਹਨ। ਜਦੋਂ ਸੂਬੇ ਦੇ ਕਈ ਖੇਤਰ ਫਿਰ ਅੱਖੋਂ ਪਰੋਖੇ ਹੋ ਗਏ ਹਨ ਅਤੇ ਸੂਬੇ ਦੇ ਕੋਈ 12 ਅਜਿਹੇ ਜ਼ਿਲ੍ਹੇ ਹਨ ਜਿਨ੍ਹਾਂ ਦੀ ਮੰਤਰੀ ਮੰਡਲ ਵਿਚ ਕੋਈ ਨੁਮਾਇੰਦਗੀ ਨਹੀਂ। ਨਵੇਂ ਸ਼ਾਮਿਲ ਕੀਤੇ ਗਏ ਮੰਤਰੀਆਂ ‘ਚੋਂ 3 ਮਾਲਵਾ ਖੇਤਰ ਨਾਲ ਸੰਬੰਧਤ ਹਨ ਜਦੋਂ ਕਿ 2 ਦੁਆਬਾ ਖੇਤਰ ਤੋਂ ਹਨ। ਨਿਰਧਾਰਤ ਨਿਯਮਾਂ ਅਨੁਸਾਰ ਰਾਜ ਵਿਚ ਕੁੱਲ 18 ਮੰਤਰੀ ਹੀ ਬਣ ਸਕਦੇ ਹਨ, ਜਿਸ ਅਨੁਸਾਰ ਮੰਤਰੀ ਮੰਡਲ ਵਿਚ ਦੋ ਥਾਵਾਂ ਅਜੇ ਵੀ ਖਾਲੀ ਹਨ ਜਿਨ੍ਹਾਂ ‘ਤੇ ਮੰਤਰੀ ਬਾਅਦ ਵਿਚ ਵੀ ਬਣਾਏ ਜਾ ਸਕਦੇ ਹਨ। ਇਸ ਵਾਧੇ ਦੌਰਾਨ ਵੀ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਵਿਧਾਇਕਾਂ ਜੋ ਦੋ ਜਾਂ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ, ਨੂੰ ਫਿਰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਇਹ ਵਿਧਾਇਕ ਪਹਿਲਾਂ ਵੀ ਪ੍ਰੇਸ਼ਾਨ ਤੇ ਨਾਰਾਜ਼ ਚੱਲ ਰਹੇ ਹਨ, ਪਰ ਉਨ੍ਹਾਂ ਦੀਆਂ ਆਸਾਂ ‘ਤੇ ਇਕ ਵਾਰ ਫਿਰ ਪਾਣੀ ਫਿਰ ਗਿਆ ਹੈ।
ਸਮੁੱਚਾ ਮੀਡੀਆ ਸਹੁੰ ਚੁੱਕ ਸਮਾਗਮ ਤੋਂ ਦੂਰ ਰੱਖਿਆ
ਭਗਵੰਤ ਮਾਨ ਸਰਕਾਰ ਜੋ ਮਗਰਲੇ ਸਮੇਂ ਤੋਂ ਪਹਿਲਾਂ ਵੀ ਮੀਡੀਆ ਪ੍ਰਤੀ ਧੱਕੇਸ਼ਾਹੀ ਵਾਲਾ ਰਵੱਈਆ ਰੱਖਦੀ ਆਈ ਹੈ, ਵਲੋਂ ਅੱਜ ਸਹੁੰ ਚੁੱਕ ਸਮਾਗਮ ਤੋਂ ਮੀਡੀਆ ਨੂੰ ਦੂਰ ਰੱਖਣ ਲਈ ਸਾਰੀਆਂ ਰਵਾਇਤਾਂ ਤੋੜਦਿਆਂ ਮੀਡੀਆ ਨੂੰ ਸਮਾਗਮ ਲਈ ਰਾਜ ਭਵਨ ਵਿਚ ਦਾਖਲਾ ਨਹੀਂ ਦਿੱਤਾ ਗਿਆ ਅਤੇ ਕੇਵਲ ਇਕ ਟੀ.ਵੀ. ਚੈਨਲ ਨੂੰ ਵੀਡੀਓ ਤੇ ਫ਼ੋਟੋਗਰਾਫ਼ੀ ਦੀ ਇਜਾਜ਼ਤ ਦਿੱਤੀ ਗਈ ਅਤੇ ਬਾਕੀ ਸਮੁੱਚੇ ਮੀਡੀਆ ਨੂੰ ਉਨ੍ਹਾਂ ਦੀਆਂ ਫੋਟੋਆਂ ਤੇ ਵੀਡੀਓ ਵਰਤਣ ਲਈ ਕਿਹਾ ਗਿਆ। ਸਰਕਾਰ ਨੇ ਇਸ ਸਮਾਗਮ ਨੂੰ ਇੰਨਾ ਗੁਪਤ ਕਿਉਂ ਰੱਖਿਆ ਅਤੇ ਪੱਤਰਕਾਰਾਂ ਨੂੰ ਸਮਾਗਮ ਵਿਚ ਸ਼ਾਮਿਲ ਹੋ ਕੇ ਕਿਸੇ ਨਾਲ ਗੱਲਬਾਤ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ, ਇਹ ਅੱਜ ਵੱਡੀ ਚਰਚਾ ਦਾ ਵਿਸ਼ਾ ਬਣਿਆ ਰਿਹਾ।