ਅਕਾਲ ਤਖ਼ਤ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਕੀ-ਕੀ ਸਜ਼ਾ ਲਗਾਈ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਪੰਥਕ ਸਜ਼ਾ ਸੁਣਾਈ ਹੈ।
ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖ਼ਰ-ਏ-ਕੌਮ ਖਿਤਾਬ ਵਾਪਸ ਲਏ ਜਾਣ ਦਾ ਵੀ ਐਲਾਨ ਕੀਤਾ ਗਿਆ।
ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਤਿੰਨ ਦਿਨਾਂ ਵਿੱਚ ਮਨਜ਼ੂਰ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਲ 2015 ਵਿੱਚ ਜੋ ਆਗੂ ਕੈਬਨਿਟ ਮੈਂਬਰ ਰਹੇ ਹਨ, ਉਨ੍ਹਾਂ ਲਈ ਸਜ਼ਾ ਲਗਾਈ ਹੈ।
ਇਸ ਸਜ਼ਾ ਵਿੱਚ ਉਨ੍ਹਾਂ ਨੂੰ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਬਾਥਰੂਮਾਂ ਦੀ ਸਫ਼ਾਈ, ਇਸ ਤੋਂ ਬਾਅਦ ਇਸ਼ਨਾਨ ਕਰਕੇ ਲੰਗਰ ਦੀ ਸੇਵਾ, ਫਿਰ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸਜ਼ਾ ਸੁਣਾਈ ਗਈ ਹੈ।
ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਢੀਂਡਸਾ ਦੋ ਦਿਨ ਘੰਟੇ ਗੁਰੂ ਘਰ ਦੀ ਦਿਓਡੀ ਦੇ ਬਾਹਰਵਾਰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾਂ ਫੜ੍ਹ ਕੇ ਸੇਵਾ ਕਰਨ।
ਇਸ ਦੇ ਨਾਲ ਹੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਨੂੰ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਅਤੇ ਉਹਨਾਂ ਦੇ ਜਨਤਕ ਸਮਾਗ਼ਮਾਂ ʼਤੇ ਬੋਲਣ ʼਤੇ ਵੀ ਰੋਕ ਲਗਾਈ ਜਾਂਦੀ ਹੈ।
ਸੱਚੇ ਸੌਦੇ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਨੂੰ ਵਿਆਜ਼ ਸਣੇ ਭਰਪਾਈ ਕਰਨ ਦਾ ਵੀ ਆਦੇਸ਼ ਦਿੱਤਾ ਗਿਆ।
ਜਥੇਦਾਰਾਂ ਨੇ ਕਿਹਾ ਕਿ ਇਸ ਦੀ ਭਰਪਾਈ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ, ਦਲਜੀਤ ਸਿੰਘ ਚੀਮਾ, ਭੂੰਦੜ ਅਤੇ ਗਾਬੜੀਆਂ ਕੋਲੋਂ ਵਸੂਲੇ ਜਾਣਗੇ।
ਇੱਕ ਮਾਰਚ ਤੋਂ 30 ਅਪ੍ਰੈਲ ਤੱਕ ਸਾਰੇ ਅਕਾਲੀ ਵਰਕਰ ਇੱਕ ਲੱਖ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਪਾਲਣਾ ਵੀ ਕਰਨਗੇ।
ਸੁਖਬੀਰ ਸਿੰਘ ਬਾਦਲ ਵ੍ਹੀਲ ਚੇਅਰ ਉੱਤੇ ਅਕਾਲ ਤਖ਼ਤ ਪੁੱਜੇ ਸਨ
ਪਿਛਲੇ ਸਮੇਂ ਦੌਰਾਨ ਅਕਾਲ ਤਖ਼ਤ ਵਲੋਂ ਤਨਖ਼ਾਹੀਆਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਆਪਣੀ ਸਰਕਾਰ ਦੇ ਸਮੇਂ ਦੌਰਾਨ ਮੰਤਰੀ ਰਹੇ ਅਕਾਲੀ ਆਗੂਆਂ ਧਾਰਮਿਕ ਸਜ਼ਾ ਲੁਆਉਣ ਲਈ ਪੇਸ਼ ਹੋਏ ਸਨ।
ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸਰਬਉੱਚ ਅਸਥਾਨ ਹੈ, ਜਿੱਥੇ ਕਿਸੇ ਵੀ ਸਿੱਖ ਵਲੋਂ ਕੀਤੀ ਨਿੱਜੀ ਤੇ ਜਨਤਕ ਗਲਤੀ ਲਈ ਸੱਦਿਆ ਜਾ ਸਕਦਾ ਹੈ ਅਤੇ ਦੋਸ਼ੀ ਪਾਏ ਜਾਣ ਉੱਥੇ ਉਸ ਨੂੰ ਧਾਰਮਿਕ ਸਜਾ ਸੁਣਾਈ ਜਾ ਸਕਦੀ ਹੈ। ਇਸ ਨੂੰ ਪੰਥਕ ਭਾਸ਼ਾ ਵਿੱਚ ਤਨਖਾਹ ਕਿਹਾ ਜਾਂਦਾ ਹੈ।
ਅਕਾਲੀ ਦਲ ਉੱਤੇ ਇਲਜਾਮ ਲੱਗਦੇ ਹਨ ਕਿ ਉਨ੍ਹਾਂ ਦੀਆਂ ਸਰਕਾਰਾਂ ਦੇ ਸਾਲ 2007 ਤੋਂ ਲੈ ਕੇ 2017 ਤੱਕ ਦਸ ਦੇ ਕਾਰਜਕਾਲ ਦੌਰਾਨ ਪੰਥਕ ਭਾਵਨਾਵਾਂ ਮੁਤਾਬਕ ਕੰਮ ਨਹੀਂ ਕੀਤੇ ਗਏ।
ਜਿਵੇਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦੀ ਕਾਰਵਾਈ ਸਮੇਂ ਆਪਣੇ ਸੰਬੋਧਨ ਵਿੱਚ ਕਿਹਾ, ”ਅਕਾਲੀ ਦਲ ਦੀ ਸਰਕਾਰ ਆਉਣ ਨਾਲ ਉਮੀਦ ਸੀ ਕਿ ਕੌਮ ਦੇ ਜਖ਼ਮਾਂ ਉੱਤੇ ਮੱਲ੍ਹਮ ਲੱਗੇਗੀ, ਪਰ ਅਫ਼ਸੋਸ ਸਿੱਖਾਂ ਦੇ ਜ਼ਖ਼ਮਾਂ ਨੂੰ ਕੁਰੇਦਿਆ ਗਿਆ।”
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਨਾਲ ਸਵਾਲ-ਜਵਾਬ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਫੈਸਲਾ ਦੀ ਘੜੀ ਮੌਕੇ ਉਹਨਾਂ ਉਪਰ ਵੀ ਦਬਾਅ ਨਹੀਂ ਹੈ।
ਅਕਾਲ ਤਖ਼ਤ ਸਾਹਿਬ ਸਾਹਮਣੇ ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਗੁਨਾਹ ਮੰਨੇ ਉੱਥੇ ਹੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਉੱਤੇ ਲੱਗੇ ਇਲਜ਼ਾਮ ਗਲਤ ਹਨ।
ਸੁਖਬੀਰ ਬਾਦਲ ਨੇ ਹੇਠ ਲਿਖੇ ਗੁਨਾਹ ਮੰਨੇ:
ਅਕਾਲੀ ਦਲ ਦੀ ਸਰਕਾਰ ਵੇਲ਼ੇ ਪੰਥਕ ਮੁੱਦਿਆਂ ਜਿਨ੍ਹਾਂ ਲਈ ਹਜਾਰਾ ਸ਼ਹੀਦੀਆਂ ਹੋ ਉਨ੍ਹਾਂ ਨੂੰ ਤੁਸੀਂ ਵਿਰਾਸਿਆ
ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆ ਦੇਣ ਅਤੇ ਪਰਿਵਾਰਾਂ ਨੂੰ ਟਿਕਟਾਂ ਦੇਣ ਦਾ ਗੁਨਾਹ ਕੀਤਾ, ਇਹ ਗੁਨਾਹ ਕੀਤਾ ਹੈ ਜਾਂ ਨਹੀਂ। ਹਾਂ ਜਾਂ ਨਾਂਹ ਵਿੱਚ ਜਵਾਬ ਦਿਓ
ਜਥੇਦਾਰਾਂ ਨੂੰ ਘਰ ਬੁਲਾ ਕੇ ਡੇਰਾ ਸੱਚਾ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ, ਇਹ ਗੁਨਾਹ ਤੁਸੀਂ ਕੀਤਾ ਹੈ ਜਾਂ ਨਹੀਂ। ਜਵਾਬ ਹਾਂ ਜਾਂ ਨਾਂਹ ਵਿੱਚ ਦਿਓ
ਸਰਕਾਰ ਵੇਲੇ ਗੁਰੂ ਬੇਅਦਬੀ ਹੋਈ, ਗੰਦੇ ਪੋਸਟਰ ਲਾਏ ਗਏ, ਉਨ੍ਹਾਂ ਦੋਸ਼ੀਆਂ ਨੂੰ ਲੱਭਣ ਵਿੱਚ ਨਾਕਾਮ ਰਹੇ ਜਾਂ ਲੱਭਿਆ ਨਹੀਂ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਗਏ ਅਤੇ ਬਾਅਦ ਵਿੱਚ ਇਸ ਦਾ ਰੋਸ ਪ੍ਰਗਟਾ ਰਹੀਆਂ ਸੰਗਤਾਂ ਉੱਤੇ ਗੋਲੀਬਾਰੀ ਹੋਈ, ਇਹ ਗੁਨਾਹ ਤੁਹਾਡੀ ਸਰਕਾਰ ਵੇਲ਼ੇ ਹੋਇਆ
ਡੇਰਾ ਮੁਖੀ ਨੂੰ ਆਪਣੇ ਵਲੋਂ ਦੁਆਈ ਗਈ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਤੁਸੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਇਤਿਸ਼ਹਾਰ ਦੇਣ ਲਈ ਦੁਰਵਰਤੋਂ ਕੀਤੀ।
ਸੁਖਬੀਰ ਬਾਦਲ ਦੇ ਪੈਰ੍ਹ ਉੱਤੇ ਫਰੈਕਚਰ ਸੀ, ਇਸ ਲਈ ਉਹ ਵੀਲ੍ਹ ਚੇਅਰ ਉੱਤੇ ਆਏ ਸਨ।
ਇਸ ਨਾਲ ਅਕਾਲੀ ਦੇ ਬਾਗੀ ਹੋਏ ਆਗੂ ਜਿਨ੍ਹਾਂ ਨੇ ਖੁਦ ਪੇਸ਼ ਹੋ ਕੇ ਤਨਖਾਹ ਲਾਉਣ ਲਈ ਕਿਹਾ ਸੀ, ਉਹ ਵੀ ਹਾਜ਼ਰ ਸਨ।
ਇਹ ਬਾਗੀ ਅਕਾਲੀ ਆਗੂ 2007 ਤੋਂ 2017 ਦੀਆਂ ਸਰਕਾਰਾਂ ਦਾ ਹਿੱਸਾ ਸੀ, ਇਸ ਲਈ ਉਨ੍ਹਾਂ ਖ਼ਿਲਾਫ਼ ਵੀ ਇਲਜ਼ਾਮ ਲਾਏ ਗਏ ਹਨ।
ਇਸ ਤਰ੍ਹਾਂ 2015 ਤੋਂ ਸੇਵਾ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਤਤਕਾਲੀ ਮੈਂਬਰ ਅਤੇ ਤਖ਼ਤਾਂ ਦੇ ਜਥੇਦਾਰ ਵੀ ਤਖ਼ਤ ਸਾਹਿਬ ਬੁਲਾਏ ਗਏ ਸਨ।
ਸੁਖਬੀਰ ਬਾਦਲ ਨੂੰ ਕੀ ਸਵਾਲ ਪੁੱਛੇ ਗਏ?
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਜਵਾਬ ਹਾਂ ਜਾਂ ਨਾ ਵਿੱਚ ਦੇਣ ਲਈ ਕਿਹਾ ਸੀ।
ਉਹਨਾਂ ਕੋੋਲੋ ਇਹ ਸਵਾਲ ਪੁੱਛੇ ਗਏ….
ਜਥੇਦਾਰ – ਅਕਾਲੀ ਸਰਕਾਰ ਵੇਲੇ ʻਜ਼ਾਲਮ ਅਫ਼ਸਰਾਂʼ ਨੂੰ ਤਰੱਕੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਵਿੱਚ ਪੰਜਾਬ ਦੇ ਕਈ ਨੌਜਵਾਨਾਂ ਨੂੰ ਸ਼ਹੀਦ ਕੀਤਾ?
ਸੁਖਬੀਰ ਸਿੰਘ ਬਾਦਲ- ਹਾਂਜੀ
ਸਵਾਲ-ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦਿਵਾਉਣਂ ਅਤੇ ਜਥੇਦਾਰਾਂ ਨੂੰ ਆਪਣੀ ਰਿਹਾਇਸ਼ ʼਤੇ ਬੁਲਾ ਚਿੱਠੀ ਦੇਣਾ, ਕੀ ਇਹ ਗ਼ੁਨਾਹ ਤੁਸੀਂ ਕੀਤਾ ਹੈ?
ਸੁਖਬੀਰ ਸਿੰਘ ਬਾਦਲ- ਹਾਂਜੀ
ਸਵਾਲ- ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ, ਕੰਧਾਂ ਉੱਤੇ ਪੋਸਟਰ ਲਗਾਏ ਗਏ, ਚੋਰੀ ਕਰਨ ਵਾਲਿਆਂ ਨੇ ਸਰੂਪਾਂ ਦੇ ਅੰਗ ਪਾੜੇ, ਬਹਿਬਲ ਕਲਾਂ ਵਿੱਚ ਗੋਲੀਕਾਂਡ ਵਿੱਚ ਦੋ ਲੋਕਾਂ ਦੀ ਮੌਤ ਹੋਈ, ਕੀ ਗੁਨਾਹ ਹੋਏ?
ਸੁਖਬੀਰ ਸਿੰਘ ਬਾਦਲ- ਹੋਇਆ ਜੀ ਗ਼ੁਨਾਹ
ਸਵਾਲ- ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਸੌਦਾ ਸਾਧ ਦੀ ਮੁਆਫ਼ੀ ਬਾਰੇ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਪੋਸਟਰ ਛਪਵਾਉਣ ਲਈ ਗੋਲਕ ਦੇ ਪੈਸੇ ਖਰਚੇ ਕੀਤੇ ਸੀ?
ਸੁਖਬੀਰ ਸਿੰਘ ਬਾਦਲ- ਹਾਂਜੀ
ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ‘ਤੇ ਕਲਿੱਕ ਕਰੋ
ਚੰਦੂਮਾਜਰਾ ਉੱਤੇ ਲੱਗੇ ਦੋ ਇਲਜਾਮ ਜੋ ਉਨ੍ਹਾਂ ਮੰਨੇ ਨਹੀਂ
ਅਕਾਲੀ ਦਲ ਦੇ ਬਾਗੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਉੱਤੇ ਦੋ ਇਲਜ਼ਾਮ ਲਾਏ ਗਏ ਜੋ ਉਹਨਾਂ ਨੇ ਮੰਨੇ ਨਹੀਂ
ਪਹਿਲਾ ਇਲਜ਼ਾਮ – ਕੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦਾ ਸਮਰਥਨ ਕੀਤਾ।
ਚੰਦੂਮਾਜਰਾ ਨੇ ਇਸ ਇਲਜਾਮ ਨੂੰ ਮੰਨਣ ਤੋਂ ਇਨਕਾਰ ਕੀਤਾ ਪਰ ਸਿੰਘ ਸਾਹਿਬ ਨੇ ਜਦੋਂ ਉਨ੍ਹਾਂ ਨੂੰ ਅਖ਼ਬਾਰ ਦੀ ਕਟਿੰਗ ਦਿਖਾਈ ਤਾਂ ਉਨ੍ਹਾਂ ਕਿਹਾ ਕਿ ਇਹ ਬਿਆਨ ਉਨ੍ਹਾਂ ਨੇ ਨਹੀਂ ਦਿੱਤਾ, ਪਰ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਇਸ ਬਿਆਨ ਨੂੰ ਖਾਰਿਜ ਵੀ ਨਹੀਂ ਕੀਤਾ ਸੀ।
ਇਸ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਕਿਹਾ ਗਿਆ ਕਿ ਉਹ ਸੰਗਤ ਅੱਗੇ ਜਾ ਕੇ ਸਪੱਸ਼ਟੀਕਰਨ ਦੇਵੇ ਅਤੇ ਮਾਫੀ ਮੰਗੇ। ਫਿਰ ਚੰਦੂਮਾਜਰਾ ਨੇ ਸੰਗਤ ਅੱਗੇ ਜਾ ਕੇ ਆਪਣੇ ਬਿਆਨ ਦਾ ਸਪੱਸ਼ਟੀਕਰਨ ਦਿੱਤਾ। ਚੰਦੂਮਾਜਰਾ ਨੇ ਸੰਗਤ ਸਾਹਮਣੇ ਮੁੜ ਇਸ ਗੱਲ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ।
ਦੂਜਾ ਇਲਜ਼ਾਮ – ਪ੍ਰੇਮ ਸਿੰਘ ਚੰਦੂਮਾਜਰਾ ਉੱਤੇ ਦੂਜਾ ਇਲਜ਼ਾਮ ਲਾਇਆ ਗਿਆ ਕਿ ਉਹ ਆਪਰੇਸ਼ਨ ਬਲੈਕ ਥੰਡਰ ਦੌਰਾਨ ਉੱਥੇ ਮੌਜੂਦ ਸੀ। ਚੰਦੂਮਾਜਰਾ ਨੇ ਇਸ ਇਲਜ਼ਾਮ ਨੂੰ ਵੀ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਉਹ ਬਲੈਕ ਥੰਡਰ ਵੇਲ਼ੇ ਮੌਜੂਦ ਨਹੀਂ ਸਨ।
ਇਸ ਬਾਰੇ ਸਾਬਕਾ ਅਕਾਲੀ ਮੰਤਰੀ ਮਹੇਸ਼ਇੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਆਪਰੇਸ਼ਨ ਬਲੈਕ ਥੰਡਰ ਵੇਲੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਉਸ ਵਿੱਚ ਵਜੀਰ ਸਨ ਅਤੇ ਇਸ ਦਾ ਫੈਸਲਾ ਸਰਕਾਰ ਨੇ ਕੀਤਾ ਸੀ।
ਮਜੀਠੀਆ ਤੇ ਜਗੀਰ ਕੌਰ ਕਿਵੇਂ ਬਚ ਗਏ
ਬੀਬੀ ਜਗੀਰ ਕੌਰ ਅਤੇ ਬਿਕਰਮ ਸਿੰਘ ਮਜੀਠੀਆ ਦੋਵੇਂ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਹਨ। ਭਾਵੇਂ ਕਿ ਸੁਖਬੀਰ ਬਾਦਲ ਨਾਲ ਗੁਨਾਹ ਮੰਨਣ ਵਾਲਿਆਂ ਵਿੱਚ ਕਈ ਸਾਬਕਾ ਮੰਤਰੀ ਸ਼ਾਮਲ ਹਨ। ਪਰ ਜਗੀਰ ਕੌਰ ਤੇ ਮਜੀਠੀਆ, ਦੋਵਾਂ ਨੇ ਇਹ ਦਲੀਲ ਦੇ ਕੇ ਆਪਣਾ ਪੱਖ਼ ਰੱਖਿਆ ਕਿ ਇਨ੍ਹਾਂ ਸਾਰੇ ਇਲਜਾਮਾਂ ਬਾਰੇ ਪੰਜਾਬ ਕੈਬਨਿਟ ਵਿਚ ਫੈਸਲਾ ਨਹੀਂ ਹੋਇਆ, ਇਸ ਲਈ ਉਹ ਭਾਗੀਦਾਰ ਨਹੀਂ ਹਨ।
ਮਜੀਠੀਆ ਨੇ ਤਖ਼ਤ ਅੱਗੇ ਇਹ ਜਰੂਰ ਮੰਨਿਆ ਕਿ ਜਿਹੜੇ ਵੀ ਕੰਮ ਸਰਕਾਰ ਵੇਲੇ ਹੋਏ, ਉਸ ਬਾਰੇ ਉਨ੍ਹਾਂ ਨੇ ਅਵਾਜ਼ ਨਾ ਚੁੱਕਣ ਦਾ ਗੁਨਾਹ ਕੀਤਾ ਹੈ।
ਦਲਜੀਤ ਚੀਮਾ ਉੱਤੇ ਇਲਜ਼ਾਮ
ਦਲਜੀਤ ਸਿੰਘ ਚੀਮਾ ਉੱਤੇ ਇਲਜ਼ਾਮ ਲਾਇਆ ਗਿਆ ਕਿ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸਪੱਸ਼ਟੀਕਰਨ ਨੂੰ ਐਡਿਟ ਕਰਕੇ ਮਾਫੀ ਸ਼ਬਦ ਐਡ ਕੀਤਾ ਸੀ। ਇਸ ਇਲਜ਼ਾਮ ਨੂੰ ਮੰਨਣ ਤੋਂ ਦਲਜੀਤ ਸਿੰਘ ਚੀਮਾ ਨੇ ਇਨਕਾਰ ਕਰ ਦਿੱਤਾ।
ਅਕਾਲ ਤਖ਼ਤ ਨੇ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਿਉਂ ਐਲਾਨਿਆ ਸੀ ?
ਇਸ ਸਾਲ ਅਗਸਤ ਦੇ ਮਹੀਨੇ ‘ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਕੀਤਾ ਸੀ।
ਉਸ ਵਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬੋਲਦਿਆਂ ਕਿਹਾ ਸੀ ਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹੁੰਦਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੁਝ ਅਜਿਹੇ ਫ਼ੈਸਲੇ ਲਏ ਸਨ, ਜਿਸ ਨਾਲ ਪੰਥਕ ਸਰੂਪ ਦੇ ਅਕਸ ਨੂੰ ਭਾਰੀ ਢਾਹ ਲੱਗੀ ਸੀ।
ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਮੁਆਫ਼ੀ ਨਹੀਂ ਮੰਗਦੇ, ਓਨਾ ਚਿਰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ।

ਅਗਸਤ ਮਹੀਨੇ ‘ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਨੂੰ ਤਨਖ਼ਾਹੀਆ ਕਰਾਰੀਆਂ ਸੀ
ਤਨਖ਼ਾਹੀਆ ਹੋਣਾ ਕੀ ਹੁੰਦਾ ਹੈ?
ਸਿੱਖ ਧਰਮ ਵਿੱਚ ਤਨਖ਼ਾਹ ਧਾਰਮਿਕ ਸਜ਼ਾ ਨੂੰ ਕਿਹਾ ਜਾਂਦਾ ਹੈ।
ਸਿੱਖ ਲੇਖਕ ਅਤੇ ਸਾਬਕਾ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨਾਲ ਗੱਲ ਕਰਦਿਆਂ ਦੱਸਿਆ, “ਇਹ ਇੱਕ ਨੈਤਿਕ ਸਜ਼ਾ ਹੈ, ਇਸ ਦਾ ਅਰਥ ਹੈ ਜਿਸ ਬੰਦੇ ਨੂੰ ਤਨਖ਼ਾਹ ਲਗਾਈ ਗਈ ਹੈ ਸਿੱਖ ਪੰਥ ਵਿੱਚ ਉਸ ਦਾ ਮਿਆਰ ਥੱਲੇ ਡਿੱਗ ਜਾਂਦਾ ਹੈ।”
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਮੁਤਾਬਕ, “ਸਿੱਖ ਰਹਿਤ ਮਰਿਆਦਾ ਵਿਰੁੱਧ ਕਰਮ-ਧਰਮ ਦੰਡ ਦਾ ਨਾਉਂ ‘ਤਨਖਾਹ’ ਹੈ,ਜੋ ਸਿੱਖ ਰਹਿਤ ਦੇ ਨਿਯਮ ਭੰਗ ਕਰਦਾ ਹੈ, ਉਹ ਤਨਖਾਹੀਆ ਸੱਦੀਦਾ ਹੈ।”
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਅਕਾਲ ਤਖ਼ਤ ਸਾਹਿਬ ਵੱਲੋਂ 1988 ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਸੀ, ਜਿਸ ਦੌਰਾਨ ਉਹਨਾਂ ਨੂੰ 21 ਦਿਨ ਗੁਰੂ ਘਰ ਦੀ ਸੇਵਾ ਕਰਨ ਲਈ ਆਖਿਆ ਗਿਆ ਸੀ।
1985-87 ਦੌਰਾਨ ਆਪਣੀ ਸਰਕਾਰ ਸਮੇਂ ਲਏ ‘ਗ਼ਲਤ ਫੈਸਲਿਆਂ’ ਲਈ ਇਹ ਧਾਰਮਿਕ ਸਜ਼ਾ ਮਿਲੀ ਸੀ।
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਮਾਮਲਾ
ਮਾਮਲਾ 2007 ਦਾ ਹੈ। ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਸਲਾਬਤਪੁਰਾ ਵਿੱਚ ਬਣੇ ਆਪਣੇ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਵਰਗੇ ਕੱਪੜੇ ਪਾਏ ਸਨ ਅਤੇ ਉਨ੍ਹਾਂ ਵਾਂਗ ਹੀ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ ਸੀ।
ਉਸ ਸਮੇਂ ਤੋਂ ਹੀ ਬਾਦਲ ਪਰਿਵਾਰ ਦੇ ਖਿਲਾਫ਼ ਪੰਥਕ ਹਲਕਿਆਂ ਵਿੱਚ ਰੋਸ ਪੈਦਾ ਹੋ ਗਿਆ ਸੀ।
ਇਸ ਮਾਮਲੇ ਵਿੱਚ ਐੱਫ਼ਆਈਆਰ ਵੀ ਦਰਜ ਹੋਈ ਸੀ ਪਰ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਹੋਈ ਸੀ। ਬਲਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਇਹ ਕੇਸ ਵਾਪਸ ਲੈ ਲਿਆ ਗਿਆ ਸੀ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦੀ ‘ਦਖ਼ਲਅੰਦਾਜ਼ੀ’ ਨਾਲ ਸਿੱਖਾਂ ਦੀ ਸਰਬ-ਉੱਚ ਸੰਸਥਾ ਅਕਾਲ ਤਖ਼ਤ ਤੋਂ ਵੀ ਰਾਮ-ਰਹੀਮ ਨੂੰ ਮਾਫ਼ ਕਰ ਦਿੱਤਾ ਗਿਆ ਸੀ।
ਇਸ ਮਾਮਲੇ ਉੱਤੇ ਅਕਾਲੀ ਨੂੰ ਪੰਥਕ ਦਰਦੀਆਂ ਵੱਲੋਂ ਲਗਾਤਾਰ ਸਵਾਲ ਕੀਤੇ ਜਾਂਦੇ ਰਹੇ ਹਨ। ਮਾਹਰਾਂ ਮੁਤਾਬਕ ਇਸ ਘਟਨਾਕ੍ਰਮ ਨੇ ਪਾਰਟੀ ਦੇ ਚੋਣ ਕਾਰਗੁਜ਼ਾਰੀ ਉੱਤੇ ਵੀ ਸਿੱਧਾ ਅਸਰ ਪਾਇਆ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਬਗਾਵਤੀ ਧੜੇ ਨੇ ਵੀ ਜਦੋਂ ਅਕਾਲ ਤਖ਼ਤ ਵਿਖੇ ਖਿਮਾ ਪੱਤਰ ਸੌਂਪਿਆ ਉਸ ਸਮੇਂ ਰਾਮ ਰਹੀਮ ਨੂੰ ਸਿੱਖ ਪੰਥ ਵਿੱਚੋਂ ਛੇਕਣ ਦੀ ਅਪੀਲ ਵੀ ਕੀਤੀ ਗਈ।
ਬੇਅਦਬੀਆਂ ਦਾ ਮਾਮਲਾ

14 ਅਕਤੂਬਰ 2015 ਨੂੰ ਬੇਅਦਬੀ ਦੇ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਵਿੱਚੋਂ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ‘ਪੁਲਿਸ ਦੀ ਗੋਲੀ ਨਾਲ ਮਾਰੇ’ ਗਏ ਸਨ।
ਪਹਿਲੀ ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੇ 12 ਅਕਤੂਬਰ, 2015 ਨੂੰ ਬਰਗਾੜੀ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਪ੍ਰਤੀ ਰੋਸ ਨੂੰ ਵਧਾਇਆ।
ਪਹਿਲੀ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਹੋ ਗਿਆ ਸੀ।
12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਬਰਗਾੜੀ ਪਿੰਡ ਵਿਚੋਂ ਖਿੱਲਰੇ ਮਿਲੇ ਸਨ।
ਇਸ ਤੋਂ ਬਾਅਦ 14 ਅਕਤੂਬਰ 2015 ਨੂੰ ਬੇਅਦਬੀ ਦੇ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਕਥਿਤ ਤੌਰ ‘ਤੇ ਪੁਲਿਸ ਦੀ ਗੋਲੀ ਨਾਲ ਮਾਰੇ’ ਗਏ ਸਨ।
ਇਹ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਧਰਨਾ ਦੇ ਰਹੇ ਸਨ।
ਇਸ ਮਾਮਲੇ ਵਿੱਚ ਵੀ ਡੇਰਾ ਸੱਚਾ ਸੌਦਾ ਦਾ ਨਾਮ ਆਇਆ ਸੀ। ਜਿਸ ਵਿਅਕਤੀ ਉੱਤੇ ਮੁੱਖ ਮੁਲਜ਼ਮ ਹੋਣ ਦੇ ਇਲਜ਼ਾਮ ਲੱਗੇ ਸਨ, ਉਸ ਦਾ ਨਾਂ ਮਹਿੰਦਰ ਸਿੰਘ ਬਿੱਟੂ ਸੀ ਅਤੇ ਉਹ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਸੀ।
ਜਦੋਂ ਘਟਨਾਵਾਂ ਵਾਪਰੀਆਂ ਉਸ ਸਮੇਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ।
ਇਸ ਮਾਮਲੇ ਵਿੱਚ ਇੱਕ ਵਿਸ਼ੇਸ਼ ਜਾਂਚ ਕਮੇਟੀ ਵੀ ਬਣਾਈ ਗਈ ਸੀ। ਕਮੇਟੀ ਵੱਲੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਰਾਮ ਰਹੀਮ ਤੋਂ ਇਲਾਵਾ, ਅਦਾਕਾਰ ਅਕਸ਼ੇ ਕੁਮਾਰ ਤੋਂ ਵੀ ਪੁੱਛ-ਗਿੱਛ ਕੀਤੀ ਗਈ ਸੀ।
ਲੋਕਾਂ ਦਾ ਗਿਲਾ ਹੈ ਕਿ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਅਕਾਲੀ ਸਰਕਾਰ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਨੂੰ ਦਸਵੇਂ ਗੁਰੂ ਦੇ ਹੁਕਮਾਂ ਮੁਤਾਬਕ ਸਿੱਖ ਧਰਮ ਵਿੱਚ ਜ਼ਿੰਦਾ ਅਤੇ ਹਾਜ਼ਰ-ਨਾਜ਼ਰ ਗੁਰੂ ਦਾ ਦਰਜਾ ਹਾਸਲ ਹੈ- ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਵਿੱਚ ਨਾਕਾਮ ਰਹੀ ਸੀ।
ਪੰਥਕ ਹਲਕਿਆਂ ਵਿੱਚ ਉਸ ਸਮੇਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਤਤਕਾਲੀ ਅਕਾਲੀ ਸਰਕਾਰ ਵਿਰੁੱਧ ਕਾਫ਼ੀ ਰੋਹ ਪੈਦਾ ਹੋ ਗਿਆ ਸੀ।
ਅਕਾਲੀ ਦੱਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਕਿਉਂ ਦਿੱਤਾ ਸੀ
ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 17 ਨਵੰਬਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਪਾਰਟੀ ਵਿੱਚ ਬਗਾਵਤੀ ਸੁਰ ਉੱਠ ਰਹੇ ਸਨ।
ਪਾਰਟੀ ਅੰਦਰਲੀ ਬਗਾਵਤ ਪਹਿਲੀ ਵਾਰ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਸੀ ਜਦੋਂ ਜੁਲਾਈ ਮਹੀਨੇ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਕਈ ਸੀਨੀਅਰ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਪਾਰਟੀ ਦੀਆਂ ਗ਼ਲਤੀਆਂ ਲਈ ਮਾਫ਼ੀਨਾਮਾ ਦਿੱਤਾ ਸੀ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ।
ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨੂੰ ਦਿੱਤੀ ਗਈ ਚਿੱਠੀ ਵਿੱਚ ਮੁਆਫ਼ੀ ਮੰਗਦਿਆਂ ਕਿਹਾ ਗਿਆ ਕਿ 2007 ਤੋਂ ਲੈ ਕੇ 2017 ਤੱਕ ਪਾਰਟੀ ਵੱਲੋਂ ਕਈ ਗ਼ਲਤੀਆਂ ਹੋਈਆਂ।
ਜਿਨ੍ਹਾਂ ਵਿੱਚ ਬੇਅਦਬੀ ਤੇ ਡੇਰਾ ਸੱਚਾ ਸੌਦਾ, ਸਿਰਸਾ ਮੁਖੀ ਰਾਮ ਰਹੀਮ ਸਬੰਧੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ ਗਿਆ ਸੀ।

More Related Stories
ਰਤਲਾਮ: ਰਾਜਧਾਨੀ ਐਕਸਪ੍ਰੈਸ ਦੇ ਦੋ ਕੋਚਾਂ ‘ਚ ਅੱਗ ਲੱਗਣ ਕਾਰਨ ਮਚੀ ਤਰਥੱਲੀ, ਦਿੱਲੀ-ਮੁੰਬਈ ਰੇਲ ਮਾਰਗ ਪ੍ਰਭਾਵਿਤ
ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
मैं इस्तीफा नहीं दूंगी, हम चुनाव नहीं हारे: ममता बनर्जी