Global Awareness News

Awareness is Power: Know the World

ਦਲ ਖ਼ਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਮਾਮਲੇ ‘ਚ ਜਥੇਦਾਰ ਰਘਬੀਰ ਸਿੰਘ ਨੂੰ ਖੁਦ ਪੜਤਾਲ ਕਰਨ ਦੀ ਕੀਤੀ ਅਪੀਲ, ਕਿਹਾ- ਇਸ ਪਿੱਛੇ ਬਾਦਲ ਗਰੁੱਪ ਦੀ ਰਣਨੀਤੀ

ਦਲ ਖ਼ਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਮਾਮਲੇ ‘ਚ ਜਥੇਦਾਰ ਰਘਬੀਰ ਸਿੰਘ ਨੂੰ ਖੁਦ ਪੜਤਾਲ ਕਰਨ ਦੀ ਕੀਤੀ ਅਪੀਲ, ਕਿਹਾ- ਇਸ ਪਿੱਛੇ ਬਾਦਲ ਗਰੁੱਪ ਦੀ ਰਣਨੀਤੀ

( KOROTANY ) JALANDHAR PUNJAB INDIA,  ਜਲੰਧਰ : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਤੌਰ ਜਥੇਦਾਰ ਵਜੋਂ ਕੰਮ-ਕਾਜ ‘ਤੇ 15 ਦਿਨਾਂ ਦੀ ਰੋਕ ਲਗਾਉਣ ਨੂੰ ਦਲ ਖਾਲਸਾ ਨੇ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸੱਚ-ਝੂਠ ਦਾ ਨਿਤਾਰਾ ਕਰਨ ਲਈ ਜਾਂਚ ਆਪਣੇ ਹੱਥਾਂ ਵਿਚ ਲੈਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰੀ ਪੜਤਾਲਿਆ ਕਮੇਟੀ ਨੂੰ ਭੰਗ ਕਰ ਦੇਣ।

ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਇੱਥੇ ਜਾਰੀ ਬਿਆਨ ਰਾਹੀਂ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪ ਸੱਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ, ਘੱਟੋ-ਘੱਟ ਇਸ ਨਾਲ ਅਹੁਦੇ ਦੀ ਮਹੱਤਤਾ ਤੇ ਵੱਕਾਰ ਬਣਿਆ ਰਹੇਗਾ।

ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ‘ਚੋਂ ਕੱਢਣ ਦੇ ਨਿਰਦੇਸ਼ ਦਿੱਤੇ ਅਤੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਅਕਾਲੀ ਲੀਡਰਸ਼ਿਪ ਨੂੰ ਸਖ਼ਤ ਲਹਿਜੇ ਵਿਚ ਤਾੜਨਾ ਕੀਤੀ ਸੀ ਕਿ ਮੌਜੂਦਾ ਲੀਡਰਸ਼ਿਪ ਅਕਾਲੀ ਮਾਮਲਿਆਂ ਨੂੰ ਚਲਾਉਣ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ, ਉਸ ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਜਾਣਾ ਲਗਭਗ ਤੈਅ ਸੀ। ਕੰਵਰਪਾਲ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਵਿਰਸਾ ਸਿੰਘ ਵਲਟੋਹਾ ਦੋਵੇਂ ਬਹੁਤ ਹੀ ਹੰਕਾਰੀ ਵਿਅਕਤੀ ਹਨ ਅਤੇ ਉਨ੍ਹਾਂ ਕੋਲੋਂ ਇਹ ਉਮੀਦ ਸੀ ਕਿ ਉਹ ਸਮਾਂ ਆਉਣ ‘ਤੇ ਜਥੇਦਾਰਾਂ ਨੂੰ ਨਿਸ਼ਾਨਾ ਬਣਾਉਣਗੇ। ਇਕ ਸਮੇਂ ਇਕ ਜਥੇਦਾਰ ਨੂੰ ਅਹੁਦੇ ਤੋਂ ਫ਼ਾਰਗ ਕਰਨ ਪਿੱਛੇ ਬਾਦਲ ਗਰੁੱਪ ਦੀ ਰਣਨੀਤੀ ਲੱਗਦੀ ਹੈ।

ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਆਪਣੇ ‘ਪੰਥਕ ਏਜੰਡੇ’ ਨੂੰ ਛੱਡਣ ਤੇ ਨਿਘਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਧਾਰਮਿਕ ਮਾਮਲਿਆਂ ਅਤੇ ਪੰਥਕ ਰਾਜਨੀਤੀ ਵਿਚ ਦਖ਼ਲਅੰਦਾਜ਼ੀ ਜਾਰੀ ਰੱਖੀ ਹੈ। ਭਾਵੇਂ ਕਿ ਦਾਗ਼ੀ ਅਕਾਲੀ ਲੀਡਰਸ਼ਿਪ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ‘ਤੇ ਤੁਲੀ ਹੋਈ ਹੈ ਪਰ ਤਖ਼ਤ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ-ਮੁਕਤੀ ਦੀ ਅਧਿਕਾਰਤ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੁਖੀ ਹੋਣ ਦੇ ਨਾਤੇ, ਪ੍ਰਧਾਨ ਧਾਮੀ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਣ-ਸਨਮਾਨ ਨਾਲ ਆਪਣੇ ਬਾਰੇ ਆਪ ਫੈਸਲਾ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦੋਸ਼ਾਂ ਦੀ ਜਾਂਚ ਲਈ ਚੋਣਵੇਂ ਤੌਰ ‘ਤੇ 3 ਮੈਂਬਰੀ ਪੈਨਲ ਦੀ ਚੋਣ ਕਰਨਾ ਜਥੇਦਾਰਾਂ ਦੇ ਅਹੁਦੇ ਦਾ ਅਪਮਾਨ ਹੈ। ਕੰਵਰਪਾਲ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ, ਦਲ ਖਾਲਸਾ ਅਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਤੋਂ ਤਖਤ ਜਥੇਦਾਰਾਂ ਦੇ ਅਹੁਦੇ ਲਈ ਸੇਵਾ-ਨਿਯਮ ਬਣਾਉਣ ਦੀ ਮੰਗ ਕਰ ਰਹੀਆਂ ਹਨ ਪਰ ਇਸ ਮੰਗ ‘ਤੇ ਕਮੇਟੀ ਵੱਲੋਂ ਕੋਈ ਗੌਰ ਨਹੀਂ ਕੀਤਾ ਗਿਆ।