Global Awareness News

Awareness is Power: Know the World

ਪਾਕਿਸਤਾਨ ਵਿੱਚ ਐਕਸਪ੍ਰੈੱਸ ਟਰੇਨ ਉੱਤੇ ਭਾਰੀ ਗੋਲੀਬਾਰੀ, 400 ਯਾਤਰੀ ਸਨ ਸਵਾਰ

ਪਾਕਿਸਤਾਨ ਵਿੱਚ ਐਕਸਪ੍ਰੈੱਸ ਟਰੇਨ ਉੱਤੇ ਭਾਰੀ ਗੋਲੀਬਾਰੀ, 400 ਯਾਤਰੀ ਸਨ ਸਵਾਰ

( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਜਲੰਧਰ/ ਇੰਡੀਆ/ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਜਾਫ਼ਰ ਐਕਸਪ੍ਰੈੱਸ ਰੇਲਗੱਡੀ ਉੱਤੇ ਹਮਲਾ ਕੀਤਾ ਸੀ ਜੋ ਕੁਏਟਾ ਤੋਂ ਰਾਵਲਪਿੰਡੀ ਜਾ ਰਹੀ ਸੀ।

ਕੁਏਟਾ ਦੇ ਜ਼ਿਲ੍ਹਾ ਹਸਪਤਾਲ ਦੇ ਬੁਲਾਰੇ ਡਾ. ਵਸੀਪ ਬੈਗ਼ ਨੇ ਬੀਬੀਸੀ ਉਰਦੂ ਨੂੰ ਦੱਸਿਆ ਹੈ ਕਿ ਮੁੱਖ ਹਸਪਤਾਲ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਅਤੇ ਐਂਬੂਲੈਂਸਾਂ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਸਪੈਸ਼ਲ ਵਾਰਡ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਸਟਾਫ ਨੂੰ ਜਖ਼ਮੀਆਂ ਦੇ ਇਲਾਜ ਲਈ ਮੁਕੰਮਲ ਤਿਆਰੀ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।

ਕੁਏਟਾ ਵਿੱਚ ਰੇਲਵੇ ਕੰਟਰੋਲ ਦੇ ਸੀਨੀਅਰ ਅਧਿਕਾਰੀ ਮੁਹੰਮਦ ਸ਼ਰੀਫ਼ ਨੇ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਕਾਰਨ ਰੇਲਗੱਡੀ ਨੂੰ ਸਿਬੀ ਨੇੜੇ ਰੋਕ ਦਿੱਤਾ ਗਿਆ।

ਰੇਲਗੱਡੀ ਵਿੱਚ 400 ਯਾਤਰੀ ਸਵਾਰ

ਉਨ੍ਹਾਂ ਦੱਸਿਆ ਕਿ ਫਿਲਹਾਲ ਜੋ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਇਸ ਹਮਲੇ ਵਿੱਚ ਟਰੇਨ ਦਾ ਡਰਾਈਵਰ ਜ਼ਖਮੀ ਹੈ।

ਰੇਲਵੇ ਕੰਟਰੋਲ ਦੇ ਸੀਨੀਅਰ ਅਧਿਕਾਰੀ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਟਰੇਨ ਸਵੇਰੇ ਨੌਂ ਵਜੇ ਕੁਏਟਾ ਤੋਂ ਪੇਸ਼ਾਵਰ ਲਈ ਰਵਾਨਾ ਹੋਈ ਸੀ।

ਰੇਲਵੇ ਬੁਲਾਰੇ ਅਨੁਸਾਰ ਜਾਫ਼ਰ ਐਕਸਪ੍ਰੈੱਸ ਟਰੇਨ ਵਿੱਚ 400 ਯਾਤਰੀ ਸਵਾਰ ਹਨ। ਕੁੱਲ ਗਿਆਰਾਂ ਬੋਗੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਸਵਾਰ ਹਨ।

ਜਦੋਂ ਟਰੇਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡਰਾਈਵਰ ਜ਼ਖਮੀ ਹੋ ਗਿਆ ਅਤੇ “ਡਰਾਈਵਰ ਟਰੇਨ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।”

‘ਘਟਨਾ ਅੱਤਵਾਦੀ ਕਾਰਾ ਹੋ ਸਕਦਾ ਹੈ’

ਸਰਕਾਰੀ ਬੁਲਾਰੇ ਸ਼ਾਹਿਦ ਰੈਂਡ ਨੇ ਅੱਗੇ ਕਿਹਾ ਕਿ ਸੁਰੱਖਿਆ ਬਲ ਘਟਨਾ ਵਾਲੀ ਥਾਂ ਵੱਲ ਜਾ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਘਟਨਾ ਅੱਤਵਾਦੀ ਹਮਲਾ ਹੋ ਸਕਦਾ ਹੈ ਅਤੇ ਇਸਦੀ ਜਾਂਚ ਹੋ ਰਹੀ ਹੈ।

ਸਰਕਾਰੀ ਬੁਲਾਰੇ ਅਨੁਸਾਰ ਪਹਾੜੀ ਅਤੇ ਔਖਾ ਇਲਾਕਾ ਹੋਣ ਕਾਰਨ ਘਟਨਾ ਵਾਲੀ ਥਾਂ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ।

ਰੇਲਵੇ ਦੇ ਬੁਲਾਰੇ ਅਨੁਸਾਰ, ਜਿਸ ਜਗ੍ਹਾ ‘ਤੇ ਰੇਲਗੱਡੀ ਨੂੰ ਰੋਕਿਆ ਗਿਆ ਹੈ, ਉਹ ਮੁੱਖ ਸੜਕ ਤੋਂ 24 ਕਿਲੋਮੀਟਰ ਦੂਰ ਇੱਕ ਸੁਰੰਗ ਦੇ ਨੇੜੇ ਸਥਿਤ ਹੈ, ਜਿੱਥੇ ਮੋਬਾਈਲ ਅਤੇ ਟੈਲੀਫੋਨ ਸੇਵਾਵਾਂ ਕੰਮ ਨਹੀਂ ਕਰ ਰਹੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਵੱਲੋਂ ਮੌਕੇ ‘ਤੇ ਰਾਹਤ ਰੇਲਗੱਡੀ ਭੇਜ ਦਿੱਤੀ ਗਈ ਹੈ।

ਕੱਛ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਫੋਨ ‘ਤੇ ਬੀਬੀਸੀ ਨੂੰ ਦੱਸਿਆ ਕਿ ਹਮਲਾ ਸਿਬੀ ਜ਼ਿਲ੍ਹੇ ‘ਚ ਸੁਰੰਗ ਨੰਬਰ ਅੱਠ ਨੇੜੇ ਹੋਇਆ, ਜਿਸ ਕਾਰਨ ਉਸ ਇਲਾਕੇ ‘ਚ ਟਰੇਨ ਨੂੰ ਰੋਕ ਦਿੱਤਾ ਗਿਆ।

ਕਵੇਟਾ ‘ਚ ਰੇਲਵੇ ਦੇ ਸੁਰੱਖਿਆ ਅਧਿਕਾਰੀ ਜ਼ਿਆ ਕੱਕੜ ਨੇ ਕਿਹਾ ਕਿ ਕਿਉਂਕਿ ਖੇਤਰ ‘ਚ ਨੈੱਟਵਰਕ ਦੀ ਸਮੱਸਿਆ ਹੈ, ਇਸ ਲਈ ਟਰੇਨ ਦੇ ਅਮਲੇ ‘ਚ ਕਿਸੇ ਨਾਲ ਸੰਪਰਕ ਨਹੀਂ ਹੋ ਰਿਹਾ।

ਉਨ੍ਹਾਂ ਦੱਸਿਆ ਕਿ ਜਿਸ ਟਰੇਨ ‘ਤੇ ਹਮਲਾ ਹੋਇਆ ਉਸ ਵਿੱਚ 9 ਡੱਬੇ ਸਨ।

ਬਲੋਚਿਸਤਾਨ ਲਿਬਰੇਸ਼ਨ ਆਰਮੀ ਪਹਿਲੀ ਵਾਰ 1970 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਹੋਂਦ ਵਿੱਚ ਆਈ ਸੀ
ਬਲੋਚਿਸਤਾਨ ਲਿਬਰੇਸ਼ਨ ਆਰਮੀ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਈ?

ਬਲੋਚਿਸਤਾਨ ਲਿਬਰੇਸ਼ਨ ਆਰਮੀ ਪਹਿਲੀ ਵਾਰ 1970 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਹੋਂਦ ਵਿੱਚ ਆਈ ਸੀ।

ਜਦੋਂ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦੀ ਪਹਿਲੀ ਸਰਕਾਰ ਨੇ ਬਲੋਚਿਸਤਾਨ ਵਿੱਚ ਪਾਕਿਸਤਾਨ ਰਾਜ ਦੇ ਖ਼ਿਲਾਫ਼ ਇੱਕ ਹਥਿਆਰਬੰਦ ਵਿਦਰੋਹ ਸ਼ੁਰੂ ਕੀਤਾ ਸੀ।

ਹਾਲਾਂਕਿ, ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਦੇ ਸੱਤਾ ‘ਤੇ ਕਾਬਜ਼ ਹੋਣ ਅਤੇ ਹਥਿਆਰਬੰਦ ਬਗ਼ਾਵਤ ਨੂੰ ਖ਼ਤਮ ਕਰਨ ਲਈ ਬਲੋਚ ਰਾਸ਼ਟਰਵਾਦੀ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬੀਐੱਲਏ ਵੀ ਪਿਛੋਕੜ ਵਿੱਚ ਚਲਿਆ ਗਿਆ।

ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀ ਅਗਵਾਈ ਹੇਠ ਬਲੋਚਿਸਤਾਨ ਹਾਈ ਕੋਰਟ ਦੇ ਜਸਟਿਸ ਨਵਾਜ਼ ਮਰੀ ਦੇ ਕਤਲ ਦੇ ਇਲਜ਼ਾਮ ਵਿੱਚ ਰਾਸ਼ਟਰਵਾਦੀ ਨੇਤਾ ਨਵਾਬ ਖੈਰ ਬਖ਼ਸ਼ ਮਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ 2000 ਤੋਂ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰੀ ਸਹੂਲਤਾਂ ਅਤੇ ਸੁਰੱਖਿਆ ਬਲਾਂ ‘ਤੇ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋਇਆ।

ਸਮੇਂ ਦੇ ਨਾਲ, ਇਹ ਹਮਲੇ ਨਾ ਸਿਰਫ਼ ਵਧੇ, ਬਲਕਿ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਫੈਲ ਗਏ।

ਬੀਐੱਲਏ ਨੇ ਹੀ ਜ਼ਿਆਦਾਤਰ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

2006 ਵਿੱਚ ਪਾਕਿਸਤਾਨ ਦੀ ਸਰਕਾਰ ਨੇ ਬਲੋਚ ਲਿਬਰੇਸ਼ਨ ਆਰਮੀ ਨੂੰ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਸੀ।