Global Awareness News

Awareness is Power: Know the World

ਸੁਖਬੀਰ ਬਾਦਲ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਚੁਣਿਆ

ਸੁਖਬੀਰ ਬਾਦਲ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਚੁਣਿਆ

12 ਅਪ੍ਰੈਲ 2025,

( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਜਲੰਧਰ/ਅੰਮ੍ਰਿਤਸਰ: ਤੇਜਾ ਸਿੰਘ ਸਮੁੰਦਰੀ ਹਾਲ ਵਿਚ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਬੰਧੀ ਡੈਲੀਗੇਟ ਇਜਲਾਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਬ ਸੰਮਤੀ ਨਾਲ ਚੁਣ ਲਿਆ ਗਿਆ ਹੈ। ਉਨ੍ਹਾਂ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪੇਸ਼ ਕੀਤਾ, ਜਦੋਂ ਕਿ ਪਰਮਜੀਤ ਸਰਨਾ ਨੇ ਉਹਨਾਂ ਦੇ ਨਾਂਅ ਦੀ ਤਾਈਦ ਕੀਤੀ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਮਜੀਦ ਕੀਤੀ ।

ਡੈਲੀਗੇਟਾ ਕੋਲੋਂ ਪ੍ਰਧਾਨ ਦੇ ਉਮੀਦਵਾਰ ਵਾਸਤੇ ਹੋਰ ਨਾਂਅ ਦੀ ਪੇਸ਼ਕਸ਼ ਮੰਗੀ ਗਈ ਪਰ ਕੋਈ ਨਾਅ ਨਾ ਆਉਣ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਸਰਬ ਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦਿੱਤਾ ਗਿਆ। ਜਿਸ ਦੀ ਹਾਲ ਵਿੱਚ ਡੈਲੀਗੇਟਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ।

ਇਸ ਤੋਂ ਪਹਿਲਾਂ ਮਤੇ ਪੜ੍ਹੇ ਗਏ, ਜਿਨ੍ਹਾਂ ਨੂੰ ਹਾਲ ਵਿੱਚ ਜੈਕਾਰਿਆਂ ਦੇ ਨਾਲ ਪ੍ਰਵਾਨ ਕੀਤਾ ਗਿਆ। ਇੱਕ ਮਤੇ ਰਾਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖ਼ਰ-ਏ-ਕੌਮ ਅਵਾਰਡ ਵਾਪਸ ਲੈਣ ਦੇ ਮਾਮਲੇ ਤੇ ਮੁੜ ਵਿਚਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਅੱਜ ਦੇ ਇਜਲਾਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਗੈਰ ਹਾਜ਼ਰ ਰਹੇ, ਜਿਸ ਕਾਰਨ ਸਿੱਖ ਹਲਕਿਆਂ ਵਿਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇੱਕ ਵਾਰ ਮੁੜ ਜੋਸ਼ ਵਿੱਚ ਵਿਖਾਈ ਦਿੱਤੇ ਅਤੇ ਜਿਥੇ ਵਿਰੋਧੀਆਂ ‘ਤੇ ਜੰਮ ਕੇ ਗਰਜੇ, ਉਥੇ ਹੀ ਪੰਜਾਬੀਆਂ ਆਪਣੇ ਅਤੇ ਪਰਾਏ ਦੀ ਪਛਾਣ ਕਰਨ ਅਤੇ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਇਕਜੁਟ ਹੋਣ ਦਾ ਹੋਕਾ ਵੀ ਦਿੱਤਾ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਮੁੱਖ 11 ਮੁੱਦਿਆਂ ‘ਤੇ ਗੱਲਬਾਤ ਕੀਤੀ…

‘ਅਕਾਲੀ ਦਲ ਦੀ ਲੀਡਰਸ਼ਿਪ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ’
‘NDA ਛੱਡਣ ਤੋਂ ਬਾਅਦ ਸਾਡੇ ਖਿਲਾਫ਼ ਸਾਜਿਸ਼ਾਂ ਹੋਈਆਂ’
‘ਚੜ੍ਹਦੀ ਕਲਾ ਦੀ ਗੱਲ ਕਰਿਆ ਕਰੋ ਢਹਿੰਦੀ ਕਲਾ ਦੀ ਨਹੀਂ’
‘2027 ‘ਚ ਮੁੜ ਅਕਾਲੀ ਦਲ ਦੀ ਸਰਕਾਰ ਲਿਆਓ’
‘ਮੇਰੀ ਗਰੰਟੀ ਹੈ ਕਿ ਪੰਜਾਬ ਮੁੜ ਵਿਕਾਸ ਅਤੇ ਅਮਨ-ਸ਼ਾਂਤੀ ਦੀ ਰਾਹ ‘ਤੇ ਹੋਵੇਗਾ’
‘ਪੰਜਾਬ ਨੂੰ ਮੁੜ ਨੰਬਰ-1 ਬਣਾਉਣ ਇੱਕੋ-ਇੱਕ ਟੀਚਾ’
‘ਪੰਜਾਬੀਓ ਪਛਾਣ ਲਵੋ ਆਪਣਾ ਕੌਣ ਅਤੇ ਪਰਾਇਆ ਕੌਣ ਹੈ’
‘ਪੰਜਾਬ ਦੀ ਤਰੱਕੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ’
‘ਭੂੰਦੜ ਸਾਬ੍ਹ ਤੁਹਾਡਾ ਧੰਨਵਾਦ ਤੁਸੀਂ ਔਖੇ ਸਮੇਂ ਪਾਰਟੀ ਦੀ ਅਗਵਾਈ ਕੀਤੀ’
‘ਪੁਰਾਣੇ ਅਕਾਲੀ ਜੋ ਪਾਰਟੀ ਤੋਂ ਦੂਰ ਹੋਏ ਮੇਰੀ ਬੇਨਤੀ ਹੈ ਕਿ ਵਾਪਸੀ ਕਰਕੇ ਪਾਰਟੀ ਹੋਰ ਮਜ਼ਬੂਤ ਕਰੋ’
’25 ਅਪ੍ਰੈਲ ਨੂੰ ਵੱਡੇ ਬਾਦਲ ਸਾਬ੍ਹ ਦੀ ਬਰਸੀ ਮੌਕੇ ਹਰ ਜ਼ਿਲ੍ਹੇ ਵਿੱਚ ਸਮਾਗਮ ਹੋਵੇਗਾ’
ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਦਸੰਬਰ 2008 ‘ਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਸਨ। ਇਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ 2024 ਨੂੰ ਅਸਤੀਫਾ ਦਿੱਤਾ ਸੀ ਅਤੇ 10 ਜਨਵਰੀ 2025 ਅਸਤੀਫਾ ਮਨਜ਼ੂਰ ਕੀਤਾ ਗਿਆ ਸੀ ਅਤੇ ਹੁਣ ਚੌਥੀ ਵਾਰ ਮੁੜ ਪ੍ਰਧਾਨ ਚੁਣੇ ਗਏ ਹਨ।