Global Awareness News

Awareness is Power: Know the World

ਸੰਗਤ ਨੇ ਜੈਕਾਰਿਆਂ ਦੀ ਗੂੰਜ ‘ਚ ਕੰਵਲਜੀਤ ਸਿੰਘ ਓਬਰਾਏ ਦੇ ਨਾਂ ਨੂੰ ਦਿੱਤੀ ਪ੍ਰਵਾਨਗੀ, ਗੁ. ਨੌਵੀਂ ਪਾਤਸ਼ਾਹੀ ਦੀ ਪ੍ਰਧਾਨਗੀ ਦਾ ਵਿਵਾਦ ਸੁਲਝਿਆ,

ਸੰਗਤ ਨੇ ਜੈਕਾਰਿਆਂ ਦੀ ਗੂੰਜ ‘ਚ ਕੰਵਲਜੀਤ ਸਿੰਘ ਓਬਰਾਏ ਦੇ ਨਾਂ ਨੂੰ ਦਿੱਤੀ ਪ੍ਰਵਾਨਗੀ, ਗੁ. ਨੌਵੀਂ ਪਾਤਸ਼ਾਹੀ ਦੀ ਪ੍ਰਧਾਨਗੀ ਦਾ ਵਿਵਾਦ ਸੁਲਝਿਆ,

ਜਥੇ. ਜਗਜੀਤ ਸਿੰਘ ਗਾਬਾ ਚੇਅਰਮੈਨ ਅਤੇ ਜਸਵਿੰਦਰ ਸਿੰਘ ਮੱਕੜ ਬਣੇ ਸਰਪ੍ਰਸਤ

ਜਲੰਧਰ 09- ਮਈ 2025, ( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) – ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਦੁਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਦੀ ਪ੍ਰਧਾਨਗੀ ਦਾ ਵਿਵਾਦ ਅੱਜ ਸਰਬਸੰਮਤੀ ਨਾਲ ਸੁਲਝਾ ਲਿਆ ਗਿਆ । ਕੰਵਲਜੀਤ ਸਿੰਘ ਓਬਰਾਏ, ਜਿਨ੍ਹਾਂ ਨੂੰ ਬੀਤੇ ਦਿਨੀਂ ਸਰਬਸੰਮਤੀ ਨਾਲ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਸੀ, ਦੇ ਪ੍ਰਧਾਨਗੀ ਅਹੁਦੇ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦੇ ਦਿੱਤੀ ਅਤੇ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ।

ਪਿਛਲੇ ਲੱਗਭਗ 30 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚਲੇ ਆ ਰਹੇ ਜਥੇ. ਜਗਜੀਤ ਸਿੰਘ ਗਾਬਾ ਨੂੰ ਸੰਗਤ ਦੀ ਪ੍ਰਵਾਨਗੀ ਨਾਲ ਗੁਰਦੁਆਰਾ ਸਾਹਿਬ ਦਾ ਚੇਅਰਮੈਨ ਅਤੇ ਪ੍ਰਸਿੱਧ ਸਮਾਜ-ਸੇਵਕ ਜਸਵਿੰਦਰ ਸਿੰਘ ਮੱਕੜ ਨੂੰ ਸਰਪ੍ਰਸਤ ਚੁਣਿਆ ਗਿਆ।

ਨਵ-ਨਿਯੁਕਤ ਪ੍ਰਧਾਨ ਕੰਵਲਜੀਤ ਸਿੰਘ ਓਬਰਾਏ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਜਥੇ. ਜਗਜੀਤ ਸਿੰਘ ਗਾਬਾ ਅਤੇ ਬਾਕੀ ਪ੍ਰਬੰਧਕ ਕਮੇਟੀ ਨਾਲ ਮਿਲ’ ਕੇ ਗੁਰ-ਅਸਥਾਨ ਅਤੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਜ਼ਰੀਏ ਸੰਗਤਾਂ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਹ ਸੇਵਾਵਾਂ ਹੋਰ ਵੀ ਵੱਡੇ ਪੱਧਰ ‘ਤੇ ਚਲਾਈਆਂ ਜਾਣਗੀਆਂ ਅਤੇ ਇਸ ਵਿਚ ਜਥੇ. ਗਾਬਾ ਅਤੇ ਸਮੂਹ ਪ੍ਰਬੰਧਕ ਕਮੇਟੀ ਦਾ ਸਹਿਯੋਗ ਲਿਆ ਜਾਵੇਗਾ।

ਚੇਅਰਮੈਨ ਜਥੇ. ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਕੰਵਲਜੀਤ ਸਿੰਘ ਓਬਰਾਏ ਮੇਰਾ ਛੋਟਾ ਵੀਰ ਹੈ ਅਤੇ ਅਸੀਂ ਇਕ ਪਰਿਵਾਰ ਵਾਂਗ ਪਹਿਲਾਂ ਵਾਂਗ ਮਿਲ ਕੇ ਗੁਰ-ਅਸਥਾਨ ਦੀਆਂ ਸੇਵਾਵਾਂ ਵਿਚ ਯੋਗਦਾਨ ਪਾਉਂਦੇ ਰਹਾਂਗੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਵੱਡੇ ਪੱਧਰ ‘ਤੇ ਸਮਾਗਮ ਉਲੀਕੇ ਜਾਣਗੇ ਅਤੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਨੇਪਰੇ ਚਾੜ੍ਹੇ ਜਾਣਗੇ।

ਸਰਪ੍ਰਸਤ ਜਸਵਿੰਦਰ ਸਿੰਘ ਮੱਕੜ ਨੇ ਕੰਵਲਜੀਤ ਸਿੰਘ ਓਬਰਾਏ ਅਤੇ ਜਥੇ. ਜਗਜੀਤ ਸਿੰਘ ਗਾਬਾ ਨੂੰ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦਿੰਦੇ ਆ ਰਹੇ ਗੁਰ-ਅਸਥਾਨ ਦੀ ਪ੍ਰਧਾਨਗੀ ਦਾ ਵਿਵਾਦ ਮਿਲ-ਬੈਠ ਕੇ ਸੁਲਝਾਉਣ ਲਈ ਮੁਬਾਰਕਬਾਦ ਦਿੱਤੀ ਅਤੇ ਗੁਰੂ ਸਾਹਿਬ ਦੇ ਓਟ-ਆਸਰੇ ਨਾਲ ਸੰਗਤਾਂ ਦੀ ਸੇਵਾ ਪਹਿਲਾਂ ਤੋਂ ਵਧ ਕੇ ਕਰਨ ਦੀ ਪ੍ਰੇਰਨਾ ਦਿੱਤੀ।

ਪ੍ਰਧਾਨ ਕੰਵਲਜੀਤ ਸਿੰਘ ਓਬਰਾਏ ਨੇ ਕਿਹਾ ਕਿ ਬਾਕੀ ਪ੍ਰਬੰਧਕ ਕਮੇਟੀ, ਜਿਸ ਦੀ ਚੋਣ 4 ਮਈ ਨੂੰ ਕੀਤੀ ਗਈ ਸੀ, ਉਹ ਪਹਿਲਾਂ ਵਾਂਗ ਹੀ ਕੰਮ ਕਰਦੀ ਰਹੇਗੀ। ਇਸ ਮੌਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਖਾਲਸਾ ਨੌਜਵਾਨ ਸ਼ਭਾ ਗੁਰੂ ਤੇਗ ਬਹਾਦਰ ਨਗਰ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ, ਕੁਲਵਿੰਦਰ ਸਿੰਘ ਮੱਲ੍ਹੀ, ਗੁਰਵਿੰਦਰ ਸਿੰਘ ਸੈਤ ਮੋਟਰ, ਕੰਵਲਜੀਤ ਸਿੰਘ ਸੈਕਟਰੀ, ਹਰਪਾਲ ਸਿੰਘ ਚੱਢਾ, ਹਰਜੋਤ ਸਿੰਘ ਲੱਕੀ, ਹਰਜਿੰਦਰ ਸਿੰਘ ਲੈਂਡਲਾਰਡ, ਪਰਵਿੰਦਰ ਸਿੰਘ ਮੰਗਾ, ਸਤਜੋਤ ਸਿੰਘ ਬਰਾੜ, ਪਰਮਜੀਤ ਸਿੰਘ ਕਾਨਪੁਰੀ, ਜੋਗਿੰਦਰ ਸਿੰਘ ਲਾਇਲਪੁਰੀ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।