ਵਿਜੀਲੈਂਸ ਬਿਊਰੋ ਵੱਲੋਂ ਐਸ.ਡੀ.ਐਮ. ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਕਾਬੂ
(ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ) ਜਲੰਧਰ/ਚੰਡੀਗੜ੍ਹ 13 ਜੂਨ, 2025
ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਐਸ.ਡੀ.ਐਮ. ਦਫ਼ਤਰ, ਜ਼ਿਲ੍ਹਾ ਰਾਏਕੋਟ, ਲੁਧਿਆਣਾ ਵਿਖੇ ਤਾਇਨਾਤ ਸਟੈਨੋ ਜਤਿੰਦਰ ਸਿੰਘ ਨੂੰ 24,06,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਪਿੰਡ ਸੁਖਾਣਾ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਐਸ.ਡੀ.ਐਮ. ਰਾਏਕੋਟ ਅਤੇ ਉਸ ਦਾ ਸਟੈਨੋ ਜਤਿੰਦਰ ਸਿੰਘ, ਵਾਸੀ ਪਿੰਡ ਨੂਰਪੁਰਾ, ਤਹਿਸੀਲ ਜਗਰਾਉਂ, ਆਮ ਲੋਕਾਂ ਤੋਂ ਸਰਕਾਰੀ ਕੰਮ ਕਰਨ ਬਦਲੇ ਲੋਕਾਂ ਤੋਂ ਮੋਟੀ ਰਕਮ ਵਸੂਲ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਸਟੈਨੋ ਜਤਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਅਤੇ ਉਸ ਦੇ ਦਫ਼ਤਰ ਦੀ ਤਲਾਸ਼ੀ ਦੌਰਾਨ ਇੱਕ ਅਲਮਾਰੀ ‘ਚੋਂ 24 ਲੱਖ 6 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਮੁਲਜ਼ਮ ਇਸ ਨਕਦੀ ਦੇ ਵੇਰਵੇ ਦੱਸਣ ਵਿੱਚ ਅਸਫ਼ਲ ਰਿਹਾ ਅਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

More Related Stories
ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
ਗੁਰਦਾਸਪੁਰ ਦੀ ਲੇਡੀ SDM ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ , 1 ਕਰੋੜ 63 ਲੱਖ ਰੁ. ਦੇ ਘਪਲੇ ਦਾ ਮਾਮਲਾ
ਪਹਿਲਾਂ ਪ੍ਰੇਮੀ ਨੂੰ ਸੱਦ ਕੇ ਕੁੱਟਿਆ ਫਿਰ ਥਾਣੇ ਦੇ ਬਾਹਰ ਕਰਵਾਇਆ ਵਿਆਹ