Global Awareness News

Awareness is Power: Know the World

ਕਮਿਸ਼ਨਰੇਟ ਪੁਲਿਸ ਜਲੰਧਰ ਨੇ 5 ਵਿਅਕਤੀਆਂ ਨੂੰ 5.314 ਕਿਲੋ ਹੈਰੋਇਨ, 2 ਕਿਲੋ ਅਫੀਮ ਅਤੇ ਗੈਰ-ਕਾਨੂੰਨੀ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ

ਕਮਿਸ਼ਨਰੇਟ ਪੁਲਿਸ ਜਲੰਧਰ ਨੇ 5 ਵਿਅਕਤੀਆਂ ਨੂੰ 5.314 ਕਿਲੋ ਹੈਰੋਇਨ, 2 ਕਿਲੋ ਅਫੀਮ ਅਤੇ ਗੈਰ-ਕਾਨੂੰਨੀ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ

ਜਲੰਧਰ ਨੂੰ ਅਪਰਾਧ ਮੁਕਤ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਚਲਾਈ ਗਈ ਕਾਰਵਾਈ

( KOROTANY ) ਜਲੰਧਰ, 03 ਜੁਲਾਈ2025 :

(ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ) ਜਲੰਧਰ- ਨਸ਼ੇ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਇੱਕ ਮਹੱਤਵਪੂਰਨ ਕਾਰਵਾਈ ਵਿੱਚ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਦੀ ਆਪਣੀ ਨਿਰੰਤਰ ਮੁਹਿੰਮ ਦੇ ਹਿੱਸੇ ਵਜੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 5 ਕਿਲੋ 314 ਗ੍ਰਾਮ ਹੈਰੋਇਨ, 2 ਕਿਲੋ ਅਫੀਮ, 1 ਦੇਸੀ ਪਿਸਤੌਲ (.32 ਬੋਰ), ਅਤੇ 6 ਜ਼ਿੰਦਾ ਰੌਂਦ ਬਰਾਮਦ ਕੀਤੇ ।

➣ ਜਾਣਕਾਰੀ ਦਿੰਦੇ ਹੋਏ, ਸੀਪੀ ਜਲੰਧਰ, ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ 1 ਜੁਲਾਈ, 2025 ਨੂੰ, ਕਰਾਇਮ ਬ੍ਰਾਂਚ ਦੀ ਇੱਕ ਟੀਮ ਨਾਖਾਂ ਵਾਲਾ ਬਾਗ ਚੌਕ ਭਾਰਗੋ ਕੈਂਪ ਤੋਂ ਦਸਮੇਸ਼ ਨਗਰ ਵੱਲ ਜਾ ਰਹੀ ਸੀ। ਇਸ ਦੌਰਾਨ ਪੁਲਿਸ ਟੀਮ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਜਿਸਦੀ ਪਛਾਣ ਹਰਪਾਲ ਸਿੰਘ ਉਰਫ਼ ਪਾਲਾ ਪੁੱਤਰ ਬਲਬੀਰ ਸਿੰਘ, ਵਾਸੀ ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ। ਪੁਲਿਸ ਟੀਮ ਨੇ ਉਸ ਕੋਲੋਂ 5 ਕਿਲੋ 56 ਗ੍ਰਾਮ ਹੈਰੋਇਨ ਬਰਾਮਦ ਕੀਤੀ। ਨਤੀਜੇ ਵਜੋਂ ਮੁਕੱਦਮਾ ਨੰਬਰ 100 ਮਿਤੀ 02.07.2025, ਐਨਡੀਪੀਐਸ ਐਕਟ ਦੀ ਧਾਰਾ 21ਸੀ, 61 ਅਤੇ 85 ਦੇ ਤਹਿਤ ਜਲੰਧਰ ਵਿਖੇ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੋਸ਼ੀ ਵਿਰੁੱਧ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਮੁਕੱਦਮਾ ਦਰਜ ਹੈ।

➣ ਉਸੇ ਦਿਨ ਇੱਕ ਸਮਾਨਾਂਤਰ ਕਾਰਵਾਈ ਵਿੱਚ, ਸੀ.ਆਈ.ਏ ਸਟਾਫ ਦੀ ਇੱਕ ਟੀਮ ਨੇ ਟਰਾਂਸਪੋਰਟ ਨਗਰ ਖੇਤਰ ਵਿੱਚ ਰੁਟੀਨ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ:

• ਸੁਸ਼ੀਲ ਕੁਮਾਰ ਉਰਫ਼ ਸੁਜਲ, ਪੁੱਤਰ ਰਮੇਸ਼ ਕੁਮਾਰ, ਵਾਸੀ ਉੜਮੁੜ ਟਾਂਡਾ, ਹੁਸ਼ਿਆਰਪੁਰ
• ਮਨਦੀਪ ਸਿੰਘ, ਪੁੱਤਰ ਜੋਗਿੰਦਰਪਾਲ, ਵਾਸੀ ਗ੍ਰੀਨ ਐਵੇਨਿਊ, ਦੀਪ ਨਗਰ, ਜਲੰਧਰ
• ਗਗਨਦੀਪ ਸਿੰਘ, ਪੁੱਤਰ ਕੁਲਦੀਪ ਸਿੰਘ, ਵਾਸੀ ਪਿੰਡ ਤਲਵੰਡੀ ਮੰਗੇ ਖਾਨ, ਫਿਰੋਜ਼ਪੁਰ

ਪੁਲਿਸ ਟੀਮ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ ਅਫੀਮ ਬਰਾਮਦ ਕੀਤੀ। ਇਸ ਅਧਾਰ ਤੇ, ਮੁਕੱਦਮਾ ਨੰਬਰ 157 ਮਿਤੀ 01.07.2025, ਐਨਡੀਪੀਐਸ ਐਕਟ ਦੀ ਧਾਰਾ 18, 61, ਅਤੇ 85 ਅਧੀਨ, ਥਾਣਾ ਡਿਵੀਜ਼ਨ ਨੰਬਰ 8, ਜਲੰਧਰ ਵਿਖੇ ਦਰਜ ਕੀਤੀ ਗਈ। ਇਹ ਵੀ ਖੁਲਾਸਾ ਹੋਇਆ ਕਿ ਦੋਸ਼ੀ ਸੁਸ਼ੀਲ ਕੁਮਾਰ ‘ਤੇ ਐਨਡੀਪੀਐਸ ਐਕਟ ਅਧੀਨ ਪਹਿਲਾਂ ਤੋ ਦੋ ਮੁਕੱਦਮੇ ਚੱਲ ਰਹੇ ਹਨ।

➣ 30 ਜੂਨ, 2025 ਨੂੰ ਇੱਕ ਹੋਰ ਸਫਲਤਾ ਵਿੱਚ, ਇੱਕ ਸਪੈਸ਼ਲ ਸੈੱਲ ਟੀਮ ਨੇ ਮਕਸੂਦਾਂ-ਨੰਦਨਪੁਰ ਰੋਡ ਇਲਾਕੇ ਵਿੱਚ ਗਸ਼ਤ ਕਰਦੇ ਸਮੇਂ, ਅਸ਼ੋਕ ਨਗਰ ਦੇ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ। ਜਾਂਚ ਕਰਨ ‘ਤੇ, ਪੁਲਿਸ ਨੇ ਉਸਦੇ ਕਬਜ਼ੇ ਵਿੱਚੋਂ 258 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ .32 ਬੋਰ ਅਤੇ 6 ਜ਼ਿੰਦਾ ਰੌਂਦ ਬਰਾਮਦ ਕੀਤੇ। ਦੋਸ਼ੀ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਗੋਰਾ, ਪੁੱਤਰ ਕਸ਼ਮੀਰ ਸਿੰਘ, ਵਾਸੀ ਮਕਾਨ ਨੰਬਰ 24, ਨਵਯੁਗ ਕਲੋਨੀ, ਮਕਸੂਦਾਂ, ਜਲੰਧਰ ਵਜੋਂ ਹੋਈ। ਮੁਕੱਦਮਾ ਨੰਬਰ 115 ਮਿਤੀ 30.06.2025, ਅਸਲਾ ਐਕਟ ਦੀ ਧਾਰਾ 25, 54, ਅਤੇ 59 ਅਤੇ ਐਨਡੀਪੀਐਸ ਐਕਟ ਦੀ ਧਾਰਾ 21 ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 1, ਜਲੰਧਰ ਵਿਖੇ ਦਰਜ ਕੀਤਾ ਗਿਆ। ਹਰਜਿੰਦਰ ਸਿੰਘ ਵਿਰੁੱਧ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਚਾਰ ਅਪਰਾਧਿਕ ਮੁਕੱਦਮੇ ਦਰਜ਼ ਹਨ।

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸੁਰੱਖਿਅਤ ਅਤੇ ਨਸ਼ਾ ਮੁਕਤ ਜਲੰਧਰ ਨੂੰ ਯਕੀਨੀ ਬਣਾਉਣ ਲਈ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਆਦਤਨ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਪਣੇ ਦ੍ਰਿੜ ਇਰਾਦੇ ਨੂੰ ਦੁਹਰਾਇਆ।