Global Awareness News

Awareness is Power: Know the World

ਮੁੱਖ ਸਕੱਤਰ ਵੱਲੋਂ ਪਰਖਕਾਲ ਸਮੇਂ ਪੂਰੀ ਤਨਖਾਹ ਦੇਣ ਦੇ ਹੁਕਮ ਜਾਰੀ

ਮੁੱਖ ਸਕੱਤਰ ਵੱਲੋਂ ਪਰਖਕਾਲ ਸਮੇਂ ਪੂਰੀ ਤਨਖਾਹ ਦੇਣ ਦੇ ਹੁਕਮ ਜਾਰੀ

( KOROTANY ) ਸੰਗਰੂਰ : ਸੂਬੇ ਦੇ ਸਰਕਾਰੀ ਸਕੂਲਾਂ ‘ਚ ਪਿਛਲੇ ਗਿਆਰਾਂ ਸਾਲਾਂ ਤੋਂ ਬਤੌਰ ਮਾਸਟਰ ਕੇਡਰ ਸੇਵਾਂਵਾ ਨਿਭਾ ਰਹੇ 5178 ਅਧਿਆਪਕਾਂ ਨੇ ਡੀਟੀਐੱਫ ਪੰਜਾਬ ਦੀ ਅਗਵਾਈ ਹੇਠ ਸੰਘਰਸ਼ ਕਰਕੇ ਮੁਲਾਜ਼ਮ ਲਹਿਰ ਦੀਆਂ ਸਫਾਂ ਵਿਚ ਇਤਿਹਾਸਕ ਜਿੱਤ ਦਰਜ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਟੀਐੱਫ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਦੱਸਿਆ ਕਿ ਪੰਜਾਬ ਦੀ ਪਹਿਲੀ ਟੀਈਟੀ ਪ੍ਰੀਖਿਆ 2011 ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਅਕਾਲੀ ਹਕੂਮਤ ਖ਼ਿਲਾਫ਼ ਲਹੂ ਵੀਟਵੀਂ ਲੜਾਈ ਲੜ ਕੇ, ਜੇਲ੍ਹਾਂ, ਥਾਣੇ, ਡਾਂਗਾ, ਪਰਚੇ ਆਦਿ ਤਸ਼ੱਦਦ ਝੱਲ ਕੇ ਨਵੰਬਰ 2014 ਵਿਚ ਨਿਯੁਕਤੀਆਂ ਲਈਆਂ ਸਨ। ਤਿੰਨ ਸਾਲ ਦੀ ਠੇਕਾ ਸੇਵਾ ਪੂਰੀ ਹੋਣ ਉਪਰੰਤ ਨਵੰਬਰ 2017 ‘ਤੇ ਪੂਰੀ ਤਨਖਾਹ ਤੇ ਰੈਗੂਲਰ ਹੋਣਾ ਸੀ, ਪਰ ਸਮੇਂ ਦੀ ਕਾਂਗਰਸ ਸਰਕਾਰ ਨੇ ਇਨ੍ਹਾਂ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ‘ਤੇ ਜਬਰੀ 2 ਸਾਲ ਦਾ ਪਰਖਕਾਲ ਮੜ੍ਹ ਦਿੱਤਾ। 5178 ਅਧਿਆਪਕਾਂ ਦੇ ਸੂਬਾਈ ਆਗੂ ਦੀਪ ਰਾਜਾ ਨੇ ਕਿਹਾ ਕਿ ਪੀੜਤ ਅਧਿਆਪਕਾਂ ਨੇ ਆਪਣੀ ਪੂਰੀ ਤਨਖਾਹ ਤੇ ਰੈਗੂਲਰਾਈਜੇਸ਼ਨ ਦੀ ਮੰਗ ‘ਤੇ ਲਗਾਤਾਰ ਸੰਘਰਸ਼ ਜਾਰੀ ਰੱਖਿਆ। ਜਥੇਬੰਦਕ ਸੰਘਰਸ਼ ਦੇ ਨਾਲ-ਨਾਲ ਸਰਵਿਸ ਮੈਟਰ ਦੇ ਮਾਹਿਰ ਐਡੋਵਕੇਟ ਕਪਿਲ ਕੱਕੜ ਰਾਹੀਂ ਮਾਣਯੋਗ ਹਾਈ ਕੋਰਟ ਪੰਜਾਬ ਤੇ ਹਰਿਆਣਾ ਵਿਚ ਕਾਨੂੰਨੀ ਲੜਾਈ ਜਾਰੀ ਰੱਖੀ।

ਜਿਸਦੇ ਸਿੱਟੇ ਵਜੋਂ ਬੀਤੀ 26 ਫਰਵਰੀ ਨੂੰ ਸਬੰਧਤ ਕੇਸਾਂ ਵਿਚ ਸਰਕਾਰ ਵੱਲੋਂ ਕੰਪਲਾਇੰਸ ਰਿਪੋਰਟ ਵਜੋਂ 5178 ਅਧਿਆਪਕਾਂ ਦੀ ਪੂਰੀ ਤਨਖਾਹ ਤੇ ਰੈਗੂਲਰਾਈਜੇਸ਼ਨ ਦੇ ਆਰਡਰ ਦਾਖਲ ਕੀਤੇ ਗਏ। ਬਾਅਦ ਵਿਚ ਨਾਨ-ਪਟੀਸ਼ਨਰਜ ਅਧਿਆਪਕਾਂ ਦੇ ਬਕਾਏ ਜਾਰੀ ਕਰਨ ਸਬੰਧੀ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਡੀਟੀਐੱਫ ਦੀ ਅਗਵਾਈ ਵਿਚ ਦੀਪ ਰਾਜਾ ਲੁਧਿਆਣਾ, ਅਸ਼ਵਨੀ ਕੁਮਾਰ ਬਠਿੰਡਾ ਤੇ ਬਲਜਿੰਦਰ ਕੁਮਾਰ ਮਾਨਸਾ ਦੀ ਅਗਵਾਈ ਵਿਚ ਸਾਰੇ 5178 ਅਧਿਆਪਕਾਂ ਨੂੰ ਬਣਦੇ ਲਾਭ ਦਿਵਾਉਣ ਲਈ ਸੰਘਰਸ਼ ਜਾਰੀ ਰੱਖਿਆ ਗਿਆ।ਇਸ ਦੌਰਾਨ ਕਈ ਵਾਰ ਆਗੂ ਟੀਮ ਦੁਆਰਾ ਸਿੱਖਿਆ ਸਕੱਤਰ ਅਨੰਦਿਤਾ ਮਿੱਤਰਾ ਤੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਸਿੱਖਿਆ ਨਾਲ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿਚ ਨਾਨ ਪਟੀਸ਼ਨਰਜ ਅਧਿਆਪਕਾਂ ਦੇ ਸਬੰਧ ਵਿਚ ਹਦਾਇਤਾਂ ਕਰਨ ਵਾਲੇ ਹੁਕਮ ਜਲਦ ਜਾਰੀ ਕਰਨ ਦੀ ਮੰਗ ਪੁਰਜੋਰ ਢੰਗ ਨਾਲ ਉਭਾਰੀ ਗਈ। ਜਥੇਬੰਦੀ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਸਿੱਖਿਆ ਸਕੱਤਰ ਵੱਲੋਂ ਕੱਲ੍ਹ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਕੇ ਸਕੂਲ ਮੁਖੀਆਂ ਨੂੰ ਤੁਰੰਤ ਇਹ ਹੁਕਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਆਗੂਆਂ ਨੇ ਇਸ ਮੌਕੇ ਸਮੂਹ 5178 ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਹੁਕਮ ਲਾਗੂ ਕਰਾਉਣ ਲਈ ਜਥੇਬੰਦੀ ਸੰਘਰਸ਼ਸ਼ੀਲ ਰਹੇਗੀ।