ਬੱਕਰੀਆਂ ਪਾਲਣ ਵਾਲੇ ਸਿਰ ਪੜ੍ਹਾਈ ਦਾ ਜਨੂੰਨ, ਪਾਸ ਕੀਤੀ UGC-NET ਦੀ ਪ੍ਰੀਖਿਆ; ਵਿਦੇਸ਼ ਜਾਂਦੇ ਨੌਜਵਾਨਾਂ ਨੂੰ ਦਿਖਾਇਆ ਰਾਹ
( KOROTANY ) ਜਲੰਧਰ/ਮਾਨਸਾ : ਇਸ ਜ਼ਿਲ੍ਹੇ ਨੂੰ ਵਿੱਦਿਅਕ ਪੱਖੋਂ ਪੱਛੜਿਆ ਗਿਣਿਆ ਜਾਂਦਾ ਹੈ ਪਰ ਇਕ ਪਾਸੇ ਜਿੱਥੇ ਬੁਢਲਾਡਾ ਦੀਆਂ ਤਿੰਨ ਸਕੀਆਂ ਭੈਣਾਂ ਨੇ ਯੂਜੀਸੀ ਨੈੱਟ ਪ੍ਰੀਖਿਆ ਅਲੱਗ ਅਲੱਗ ਵਿਸ਼ਿਆਂ ‘ਚ ਇਕੱਠਿਆਂ ਪਾਸ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਉਥੇ ਬੱਕਰੀਆਂ ਪਾਲਣ ਵਾਲੇ ਨੌਜਵਾਨ ਨੇ ਯੂਜੀਸੀ ਨੈੱਟ ਪਾਸ ਕਰ ਕੇ ਹਰ ਕਿਸੇ ਨੂੰ ਸੋਚੀਂ ਪਾ ਦਿੱਤਾ ਹੈ।
ਬਿਨਾ ਸਹੂਲਤਾਂ, ਬਿਨਾ ਕੋਰਸ ਤੋਂ ਉਸ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਪੜ੍ਹਾਈ ਲਈ ਕੀਤੀ ਮੁਸ਼ੱਕਤ ਦੀ ਕਹਾਣੀ ਹਰ ਕਿਸੇ ਦੀ ਜ਼ੁਬਾਨ ‘ਤੇ ਹੈ।
ਜਾਣਕਾਰੀ ਮੁਤਾਬਕ ਕਸਬਾ ਬੋਹਾ ਦੇ ਨਿਵਾਸੀ ਹਰਜਿੰਦਰ ਸਿੰਘ ਦਾ ਪੁੱਤਰ ਕੋਮਲ ਸਿੰਘ ਬੱਕਰੀਆਂ ਪਾਲਣ ਦੇ ਦੇ ਨਾਲ-ਨਾਲ ਅੰਗਰੇਜ਼ੀ ਵਿਸ਼ੇ ਦੀ ਐੱਮਏ ਕਰ ਰਿਹਾ ਹੈ ਤੇ ਯੂਜੀਸੀ ਨੈੱਟ ਜੂਨ 2025 ਦੀ ਪ੍ਰੀਖਿਆ ਪਾਸ ਕਰ ਲਈ ਹੈ। ਕੋਮਲਦੀਪ ਸਿੰਘ ਨੇ ਕਿਹਾ ਕਿ ਮਿਹਨਤ ਬਿਨਾਂ ਕੁਝ ਨਹੀਂ ਹੈ ਅਤੇ ਕੀਤੀ ਮਿਹਨਤ ਦੇ ਰੰਗ ਲਿਆਉਣ ‘ਤੇ ਸਕੂਨ ਤੇ ਹੱਦੋਂ ਵੱਧ ਖੁਸ਼ੀ ਮਿਲਦੀ ਹੈ। ਉਸ ਨੇ ਕਿਹਾ ਕਿ ਯੂਜੀਸੀ ਨੈੱਟ ਦੀ ਤਿਆਰੀ ਲਈ ਮਟੀਰੀਅਲ ਵੀ ਬਠਿੰਡਾ ਅਤੇ ਮਾਨਸਾ ‘ਚ ਨਹੀਂ ਮਿਲਦਾ ਪਰ ਜਿੱਥੋਂ ਗੂਗਲ ਜਾਂ ਹੋਰ ਕਿਧਰੇ ਵੀ ਕੋਈ ਸਹਾਇਕ ਸਮੱਗਰੀ ਮਿਲੀ ਤਾਂ ਲਗਾਤਾਰ ਮਿਹਨਤ ਜਾਰੀ ਰੱਖੀ। ਯੂਜੀਸੀ ਨੈੱਟ ਪ੍ਰੀਖਿਆ ਜੂਨ ਤੇ ਦਸੰਬਰ ਮਹੀਨੇ ਵਿਚ ਹੁੰਦੀ ਹੈ, ਉਸ ਨੇ ਕਿਹਾ ਜੂਨ ਮਹੀਨੇ ਵਿਚ ਇਹ ਪ੍ਰੀਖਿਆ ਦੇਣ ਦਾ ਟੀਚਾ ਰੱਖਿਆ ਸੀ। ਜਨਵਰੀ ਦੇ ਅੱਧ ਵਿਚ ਤਿਆਰੀ ਸ਼ੁਰੂ ਕੀਤੀ ਤੇ ਹੁਣ ਜੂਨ 2025 ਵਿਚ ਇਹ ਉਪਲਬਧੀ ਹੋਈ ਹੈ ਤੇ ਭਵਿੱਖ ‘ਚ ਅੰਗਰੇਜ਼ੀ ਅਧਿਆਪਕ ਬਣਨ ਦਾ ਸੁਪਨਾ ਹੈ।
ਉਸ ਨੇ ਦੱਸਿਆ ਕਿ ਉਸ ਦਾ ਪਿਤਾ ਹਰਜਿੰਦਰ ਸਿੰਘ ਭੱਠੇ ‘ਤੇ ਮਜ਼ਦੂਰੀ ਕਰਦਾ ਹੈ ਤੇ ਮਾਤਾ ਸਿਲਾਈ ਦਾ ਕੰਮ ਕਰਦੀ ਹੈ। ਉਹ ਵੀ ਸਾਥ ਦੇਣ ਲਈ ਬੱਕਰੀਆਂ ਪਾਲ ਰਿਹਾ ਹੈ ਤੇ 10 ਤੋਂ 12 ਬੱਕਰੀਆਂ ਹਨ, ਇਨ੍ਹਾਂ ਵਿੱਚੋਂ ਦੋ ਦੁੱਧ ਦਿੰਦੀਆਂ ਹਨ। ਬੱਕਰੀਆਂ ਪਾਲ ਕੇ ਮੇਮਣੇ ਵੇਚ ਦਿੰਦੇ ਹਾਂ ਤਾਂ ਜੋ ਆਮਦਨ ਹੋ ਜਾਵੇ। ਮੁਸ਼ਕਲਾਂ ਭਾਵੇਂ ਉਸ ਦੇ ਰਾਹ ‘ਚ ਆਈਆਂ ਪਰ ਉਸ ਨੇ ਹੌਸਲਾ ਨਹੀਂ ਛੱਡਿਆ। ਪਰਿਵਾਰ ਵਿਚ ਦਾਦੀ, ਪਿਤਾ, ਮਾਤਾ ਤੇ ਭਰਾ ਦੀ ਦਿੱਤੀ ਹੱਲਾਸ਼ੇਰੀ ਨੇ ਇਸ ਮੁਕਾਮ ‘ਤੇ ਪਹੁੰਚਾ ਦਿੱਤਾ ਹੈ। ਉਸ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਤੋਂ 12ਵੀਂ, ਬੀਏ, ਬੀਐੱਡ ਇੰਟੀਗ੍ਰੇਟਡ ਕੋਰਸ ਗੁਰੂ ਤੇਗ ਬਹਾਦਰ ਕਾਲਜ ਦਲੇਲਵਾਲਾ ਤੋਂ ਕੀਤਾ ਅਤੇ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਤੋਂ ਐੱਮਏ ਇੰਗਲਿਸ਼ ਕਰ ਰਿਹਾ ਹਾਂ। ਖਰਚਾ ਤਾਂ ਹੁੰਦਾ ਹੈ ਪਰ ਉਸ ਨੇ ਖੁਦ ਪੜ੍ਹਾਈ ਕੀਤੀ ਹੈ। ਇਮਤਿਹਾਨ ਪਾਸ ਕਰਨ ਲਈ ਬਠਿੰਡਾ ਅਤੇ ਮਾਨਸਾ ਵਿਚ ਯੂਜੀਸੀ ਨੈੱਟ ਦੀਆਂ ਕਿਤਾਬਾਂ ਕਿਸੇ ਬੁੱਕ ਡਿਪੂ ਤੋਂ ਨਹੀਂ ਮਿਲੀਆਂ, ਇਸ ਨਾਲ ਮਾਯੂਸੀ ਹੋਈ।
ਨੌਜਵਾਨ ਦੀ ਮਾਂ ਲਖਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿਚ ਇਹ ਵੱਡੀ ਖੁਸ਼ੀ ਆਈ ਹੈ ਅਤੇ ਇਸ ਲਈ ਰੱਬ ਦੇ ਸ਼ੁਕਰਗੁਜ਼ਾਰ ਹਨ, ਇਸ ਬੱਚੇ ਨੇ ਮਿਹਨਤ ਕੀਤੀ। ਭਾਵੇਂ ਘਰ ਵਿਚ ਕੰਮਾਂ ਵਿਚ ਹੱਥ ਵਟਾਉਂਦਾ ਹੈ, ਪਰ ਆਪਣੀ ਪੜ੍ਹਾਈ ਵਿਚ ਅੱਗੇ ਆਇਆ ਹੈ। ਇਸ ਦੀ ਮਿਹਨਤ ਪੱਲੇ ਪਈ ਹੈ ਤੇ ਹੋਰ ਨੌਜਵਾਨਾਂ ਨੂੰ ਵੀ ਇਹੀ ਕਹਾਂਗੀ ਕਿ ਉਹ ਵੀ ਮਿਹਨਤ ਕਰਿਆ ਕਰਨ ਤਾਂ ਜੋ ਉਨ੍ਹਾਂ ਦਾ ਭਵਿੱਖ ਸੰਵਰ ਸਕੇ।
ਦਾਦੀ ਲਾਭ ਕੌਰ ਨੇ ਦੱਸਿਆ ਕਿ ਪੋਤੇ ਕੋਮਲ ਦਿਲ ਦਾ ਵੀ ਕੋਮਲ ਹੈ। ਉਹ ਸਾਰੇ ਪਰਿਵਾਰਕ ਮੈਂਬਰਾਂ ਦੀ ਸੇਵਾ ‘ਚ ਲੱਗਿਆ ਰਹਿੰਦਾ ਹੈ ਤੇ ਬੱਕਰੀਆਂ ਪਾਲਣ ਦਾ ਕੰਮ ਵੀ ਕਰਦਾ ਹੈ। ਅਜਿਹੇ ਬੱਚਿਆਂ ਲਈ ਸਰਕਾਰਾਂ ਨੂੰ ਵੀ ਹੱਥ ਵਧਾਉਣਾ ਚਾਹੀਦਾ ਹੈ ਤਾਂ ਜੋ ਇਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਉਸ ਦੇ ਪਿਤਾ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਭੱਠੇ ‘ਤੇ ਕੱਚੀ ਭਰਾਈ ਦਾ ਕੰਮ ਕਰਦਾ ਹੈ। ਪਹਿਲਾਂ ਪਿਤਾ ਬੂਟਾ ਸਿੰਘ ਭਰਤ ਦਾ ਕੰਮ ਕਰਦੇ ਸਨ ਤੇ ਹੁਣ ਉਹ ਨਹੀਂ ਰਹੇ। ਇਸ ਬੱਚੇ ਨੇ ਪਰਿਵਾਰ ਦਾ ਨਾਂ ਰੋਸ਼ਨ ਕਰ ਦਿੱਤਾ ਹੈ, ਹਰ ਜਗ੍ਹਾ ਤੋਂ ਫ਼ੋਨ ਆ ਰਹੇ ਹਨ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਨੌਕਰੀ ਦੇਵੇ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…