Global Awareness News

Awareness is Power: Know the World

ਨਾਜਾਇਜ਼ ਸਬੰਧਾਂ ‘ਚ ਰੋੜਾ ਬਣ ਰਹੇ ਪੁੱਤਰ ਨੂੰ ਪ੍ਰੇਮੀ ਨਾਲ ਮਿਲ ਕੇ ਮਾਰਿਆ, ਲਾਸ਼ ਵਿਹੜੇ ‘ਚ ਦੱਬੀ; 12 ਸਾਲਾਂ ਬਾਅਦ ਪੁਲਿਸ ਹੱਥੇ ਚੜ੍ਹੇ

ਨਾਜਾਇਜ਼ ਸਬੰਧਾਂ ‘ਚ ਰੋੜਾ ਬਣ ਰਹੇ ਪੁੱਤਰ ਨੂੰ ਪ੍ਰੇਮੀ ਨਾਲ ਮਿਲ ਕੇ ਮਾਰਿਆ, ਲਾਸ਼ ਵਿਹੜੇ ‘ਚ ਦੱਬੀ; 12 ਸਾਲਾਂ ਬਾਅਦ ਪੁਲਿਸ ਹੱਥੇ ਚੜ੍ਹੇ

( KOROTANY ) ਸ਼੍ਰੀ ਹਰਗੋਬਿੰਦਪੁਰ ਸਾਹਿਬ : ਬਟਾਲਾ ਪੁਲਿਸ ਨੇ 12 ਸਾਲ ਬਾਅਦ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਹੈਰਾਨੀਜਨਕ ਪਹਿਲੂ ਸਾਹਮਣੇ ਆਇਆ ਹੈ ਕਿ ਮਿ੍ਤਕ ਦੀ ਮਾਂ ਨੇ ਹੀ ਨਾਜਾਇਜ਼ ਸੰਬੰਧਾਂ ਵਿਚ ਰੋੜਾ ਬਣ ਰਹੇ ਆਪਣੇ 14 ਸਾਲਾ ਪੁੱਤਰ ਦੀ ਪ੍ਰੇਮੀ ਨਾਲ ਮਿਲ ਕੇ ਹੱਤਿਆ ਕਰ ਦਿੱਤੀ ਸੀ। 12 ਸਾਲਾਂ ਤੱਕ ਮਿ੍ਤਕ ਬੱਚੇ ਦੀ ਮਾਂ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਵੱਖ-ਵੱਖ ਰਾਜਾਂ ਵਿਚ ਰਹਿ ਰਹੀ ਸੀ।

ਕੁਝ ਦਿਨ ਪਹਿਲਾਂ ਉਸ ਦਾ ਪ੍ਰੇਮੀ ਪਿੰਡ ਆਇਆ ਅਤੇ ਗ੍ਰਿਫ਼ਤਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਦੀ ਸਖਤੀ ਦੇ ਕਾਰਨ ਉਸ ਨੇ ਦੱਸਿਆ ਕਿ ਮੁਲਜ਼ਮ ਔਰਤ ਇਸ ਸਮੇਂ ਜਲੰਧਰ ਵਿਚ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਕਾਬੂ ਕਰ ਲਿਆ। ਯਾਦ ਰਹੇ ਕਿ ਇਸ ਮਾਮਲੇ ਵਿਚ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਲਗਪਗ 11 ਸਾਲ ਪਹਿਲਾਂ ਭਗੌੜਾ ਐਲਾਨਿਆ ਸੀ।

ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਐੱਸਐੱਸਪੀ ਸੁਹੇਲ ਕਾਸਿਮ ਮੀਰ ਦੀ ਅਗਵਾਈ ਵਿਚ ਪੀਓ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਐੱਸਪੀ ਇਨਵੈਸਟੀਗੇਸ਼ਨ ਬਟਾਲਾ ਗੁਰਪ੍ਰਤਾਪ ਸਿੰਘ ਅਤੇ ਡੀਐੱਸਪੀ ਸ਼੍ਰੀਹਰਗੋਬਿੰਦਪੁਰ ਹਰੀਸ਼ ਬਹਿਲ ਦੇ ਨਿਰਦੇਸ਼ਾਂ ਮੁਤਾਬਕ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਇੰਚਾਰਜ ਐੱਸਆਈ ਸੁਖਵਿੰਦਰ ਸਿੰਘ, ਸਪੈਸ਼ਲ ਬ੍ਰਾਂਚ ਬਟਾਲਾ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ, ਐੱਸਆਈ ਰਵੈਲ ਸਿੰਘ, ਏਐੱਸਆਈ ਗੁਰਦੇਵ ਸਿੰਘ, ਏਐੱਸਆਈ ਰਵਿੰਦਰ ਸਿੰਘ, ਹੈੱਡ ਕਾਂਸਟੇਬਲ ਨਵਪ੍ਰੀਤ ਸਿੰਘ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਅਣਸੁਲਝੇ ਕਤਲ ਦੇ ਮਾਮਲੇ ਨੂੰ 12 ਸਾਲ ਬਾਅਦ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਹੈ, ਜੋ ਕਿ ਸਾਲ 2014 ਵਿਚ ਥਾਣਾ ਸ਼੍ਰੀਹਰਗੋਬਿੰਦਪੁਰ ਦੇ ਪਿੰਡ ਖੋਜਕੀਪੁਰ ਵਿਚ ਸੰਦੀਪ ਸਿੰਘ ਦੇ ਗੁੰਮ ਹੋਣ ਅਤੇ ਉਸ ਦੇ ਤਾਇਆ ਹਰਜੀਤ ਸਿੰਘ ਵਾਸੀ ਪਿੰਡ ਖੋਜਕੀਪੁਰ ਵੱਲੋਂ 20 ਅਪ੍ਰੈਲ 2014 ਨੂੰ ਥਾਣਾ ਸ਼੍ਰੀਹਰਗੋਬਿੰਦਪੁਰ ਵਿਚ ਰਣਜੀਤ ਕੌਰ ਤੇ ਸਤਨਾਮ ਸਿੰਘ ਵਾਸੀ ਖੋਜਕੀਪੁਰ ਦੇ ਖ਼ਿਲਾਫ਼ ਦਰਜ ਕਰਵਾਇਆ ਗਿਆ ਸੀ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੱਚੇ ਦੀ ਮਾਂ ਦੇ ਪਿੰਡ ਵਿਚ ਰਹਿਣ ਵਾਲੇ ਸਤਨਾਮ ਸਿੰਘ ਨਾਲ ਨਾਜਾਇਜ਼ ਸੰਬੰਧ ਬਣ ਗਏ ਸਨ ਜਿਸ ਦਾ ਉਸ ਦਾ ਪੁੱਤਰ ਵਿਰੋਧ ਕਰਦਾ ਸੀ। ਇਸੇ ਕਾਰਨ ਉਨ੍ਹਾਂ ਨੇ ਉਸ ਦੇ ਨਾਲ ਗਲਤ ਕੀਤਾ। ਉਕਤ ਮਾਮਲੇ ਵਿਚ 12 ਸਾਲਾਂ ਤੋਂ ਗਾਇਬ ਪੁੱਤਰ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਸੀ ਅਤੇ ਨਾ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਸਕੀ ਜਿਸ ਕਾਰਨ ਜੱਜ ਨਿਧੀ ਸੈਨੀ ਵੱਲੋਂ ਉਕਤ ਦੋਹਾਂ ਮੁਲਜ਼ਮਾਂ ਸਤਨਾਮ ਸਿੰਘ ਅਤੇ ਹਰਜੀਤ ਕੌਰ ਨੂੰ ਦਸ ਦਸੰਬਰ 2014 ਨੂੰ ਪੀਓ ਐਲਾਨ ਦਿੱਤਾ ਸੀ ਜਿਨ੍ਹਾਂ ਨੂੰ ਉਕਤ ਟੀਮ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਟੀਮ ਵੱਲੋਂ ਕੀਤੀ ਗਈ ਪੁੱਛਤਾਛ ਦੌਰਾਨ ਰਣਜੀਤ ਕੌਰ ਨੇ ਪਹਿਲਾਂ ਪੁਲਿਸ ਨੂੰ ਗੁਮਰਾਹ ਕਰਨ ਲਈ ਕਿਹਾ ਕਿ ਉਸ ਦਾ ਪੁੱਤਰ ਯੂਪੀ ਵਿਚ ਹੈ। ਪੁਲਿਸ ਵੱਲੋਂ ਯੂਪੀ ਵਿਚ ਟੀਮ ਨੂੰ ਭੇਜਣ ਤੋਂ ਪਹਿਲਾਂ ਜਦੋਂ ਸਖਤੀ ਨਾਲ ਰਣਜੀਤ ਕੌਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ 2010 ਵਿਚ ਮੌਤ ਹੋਣ ਤੋਂ ਬਾਅਦ ਉਸ ਦੇ ਸਤਨਾਮ ਸਿੰਘ ਨਾਲ ਸੰਬੰਧ ਬਣ ਗਏ ਸਨ ਅਤੇ ਉਸ ਦਾ ਪੁੱਤਰ ਸੰਦੀਪ ਇਸ ਦਾ ਵਿਰੋਧ ਕਰਦਾ ਸੀ। ਰਣਜੀਤ ਕੌਰ ਨੇ ਪ੍ਰੇਮੀ ਸਤਨਾਮ ਸਿੰਘ ਨਾਲ ਮਿਲ ਕੇ 2014 ਵਿਚ ਆਪਣੇ ਪੁੱਤਰ ਸੰਦੀਪ ਸਿੰਘ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਆਪਣੇ ਘਰ ਦੇ ਵਿਹੜੇ ਵਿਚ ਦੱਬ ਦਿੱਤਾ।

ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਮੈਜਿਸਟ੍ਰੇਟ ਦੇ ਅਗਵਾਈ ਵਿਚ ਬੱਚੇ ਦੀ ਲਾਸ਼ ਦਾ ਪਿੰਜਰ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਨਾਇਬ ਤਹਿਸੀਲਦਾਰ ਵਿਨੋਦ ਮਹਿਤਾ, ਡੀਐੱਸਪੀ ਹਰੀਸ਼ ਬਹਲ, ਐੱਸਐਚਓ ਸੁਖਵਿੰਦਰ ਸਿੰਘ ਦੀ ਮੌਜੂਦਗੀ ਵਿਚ ਪੁਟਾਈ ਦੌਰਾਨ ਤਿੰਨ ਫੁੱਟ ਹੇਠਾਂ ਬੱਚੇ ਦਾ ਪਿੰਜਰ ਬਰਾਮਦ ਕੀਤਾ ਹੈ।