Global Awareness News

Awareness is Power: Know the World

ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਦੋ ਦੋਸ਼ੀ ਗ੍ਰਿਫਤਾਰ

ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਦੋ ਦੋਸ਼ੀ ਗ੍ਰਿਫਤਾਰ

( KOROTANY ) Jalandhar/ਨੂਰਪੁਰਬੇਦੀ : ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਪਤਾਨ ਪੁਲਿਸ ਅਜੇ ਸਿੰਘ ਸਬ ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਦੀ ਸਿੱਧੀ ਦੇਖਰੇਖ ਹੇਠ ਜ਼ਿਲ੍ਹੇ ਵਿਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਚੋਰੀਆਂ ਦੀਆਂ ਵੱਧ ਰਹੀਆਂ ਵਾਰਦਾਤਾਂ ‘ਤੇ ਨਕੇਲ ਪਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਇਸ ਮੁਹਿੰਮ ਤਹਿਤ ਥਾਣਾ ਨੂਰਪੁਰ ਬੇਦੀ ਦੇ ਮੁੱਖ ਅਫਸਰ ਇੰਸਪੈਕਟਰ ਸੁਨੀਲ ਕੁਮਾਰ ਵੱਲੋਂ ਥਾਣੇ ਦੀਆਂ ਵੱਖ-ਵੱਖ ਟੀਮਾਂ ਬਣਾਕੇ ਖੇਤਰ ਵਿਚ ਤਾਇਨਾਤ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਮਿਤੀ 29 ਸਤੰਬਰ ਨੂੰ ਮੁਕੱਦਮਾ ਨੰਬਰ 122 ਅਧੀਨ ਧਾਰਾ 303(2) ਬੀਏਨਐਸ ਪੀਐਸ ਨੂਰਪੁਰਬੇਦੀ ਦੇ ਤਹਿਤ ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਝਾਡੀਆਂ ਕਲਾਂ ਦੀ ਸ਼ਿਕਾਇਤ ‘ਤੇ ਹੁਸਨਜੀਤ ਸਿੰਘ ਉਰਫ ਹੈਪੀ ਪੁੱਤਰ ਹਰੀ ਸਿੰਘ ਵਾਸੀ ਪਿੰਡ ਢਾਹਾਂ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ, ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਿਤੀ 29 ਸਤੰਬਰ ਨੂੰ ਹੀ ਦੋਸ਼ੀ ਹੁਸਨਜੀਤ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਦੌਰਾਨ ਉਸ ਦੇ ਕਬਜ਼ੇ ‘ਚੋਂ ਚੋਰੀ ਕੀਤਾ ਮੋਟਰਸਾਈਕਲ ਨੰਬਰ ਪੀਬੀ-12-ਏਐਫ-0749 ਮਾਰਕਾ ਸਪਲੈਡਰ ਬ੍ਰਾਮਦ ਕੀਤਾ ਗਿਆ।

ਇਸ ਤੋਂ ਇਲਾਵਾ, ਵਾਰਦਾਤ ਵਿਚ ਵਰਤੇ ਗਏ ਦੂਜੇ ਮੋਟਰਸਾਈਕਲ ਪੀਬੀ-16-ਐਚ-8274 ਮਾਰਕਾ ਸਪਲੈਡਰ ਨੂੰ ਵੀ ਪੁਲਿਸ ਨੇ ਕਬਜ਼ੇ ਵਿਚ ਲਿਆ। ਦੋਸ਼ੀ ਹੁਸਨਜੀਤ ਸਿੰਘ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਵਿਅਕਤੀ ਨਰਿੰਦਰ ਕੁਮਾਰ ਉਰਫ ਕਾਲਾ ਪੁੱਤਰ ਦੋਲਤ ਰਾਮ ਵਾਸੀ ਪਿੰਡ ਭੋਲੇਵਾਲ ਦਾ ਨਾਮ ਸਾਹਮਣੇ ਆਇਆ, ਜਿਸ ਨੂੰ ਮਿਤੀ 06 ਅਕਤੂਬਰ ਨੂੰ ਗ੍ਰਿਫਤਾਰ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਰਿਮਾਂਡ ਦੌਰਾਨ, ਦੋਸ਼ੀ ਤੋਂ ਮਿਲੀ ਜਾਣਕਾਰੀ ‘ਤੇ ਅੱਜ ਮਿਤੀ 09 ਅਕਤੂਬਰ 2025 ਨੂੰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 3 ਬਿਨਾਂ ਨੰਬਰ ਵਾਲੇ ਮੋਟਰਸਾਈਕਲ ਮਾਰਕਾ ਸਪਲੈਡਰ ਅਤੇ ਇੱਕ ਮੋਟਰਸਾਈਕਲ ਨੰਬਰ ਐਚਪੀ-91-1160 ਬ੍ਰਾਮਦ ਕੀਤੇ ਹਨ। ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ ਹੈ ਅਤੇ ਇਸ ਮੁਹਿੰਮ ਦਾ ਮਕਸਦ ਖੇਤਰ ਵਿਚ ਅਪਰਾਧਕ ਗਤੀਵਿਧੀਆਂ ਨੂੰ ਜੜ੍ਹ ਤੋਂ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਨੂਰਪੁਰਬੇਦੀ ਪੁਲਿਸ ਸਦਾ ਹੀ ਜਨਤਕ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਦੀ ਹੈ ਅਤੇ ਕਿਸੇ ਵੀ ਕਿਸਮ ਦੇ ਗੈਰਕਾਨੂੰਨੀ ਕੰਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਹਾਂ ਦੋਸ਼ੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਜਾਰੀ ਹੈ ਅਤੇ ਪੁਲਿਸ ਹੋਰ ਸਬੰਧਤ ਮਾਮਲਿਆਂ ਦੀ ਜਾਂਚ ਵੀ ਕਰ ਰਹੀ ਹੈ।