ਪਾਵਰਕਾਮ ਅਧਿਕਾਰੀਆਂ ਤੋਂ 7 ਲੱਖ ਦੀ ‘ਵੱਢੀ’ ਲੈ ਕੇ ਫ਼ਰਾਰ ਹੋਏ ਐੱਸਟੀਐੱਫ ਅਤੇ ਵਿਜੀਲੈਂਸ ਦੇ ਦੋ ਜਾਅਲੀ ਅਫ਼ਸਰ ਗ੍ਰਿਫ਼ਤਾਰ
( KOROTANY ) Jalandhar /ਜਗਰਾਓਂ : ਮੁੱਲਾਂਪੁਰ ਪੁਲਿਸ ਨੇ ਜਾਅਲੀ ਐੱਸਟੀਐੱਫ ਅਤੇ ਵਿਜੀਲੈਂਸ ਅਫਸਰ ਬਣ ਕੇ ਪਾਵਰਕਾਮ ਦੇ ਅਧਿਕਾਰੀਆਂ ਤੋਂ 7 ਲੱਖ ਰੁਪਏ ਦੀ ‘ਵੱਢੀ’ ਲੈ ਕੇ ਫਰਾਰ ਹੋਏ ਪਟਿਆਲਾ ਦੇ ਚਾਰ ਮੈਂਬਰੀ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਨ੍ਹਾਂ ਵਿਚ ਇੱਕ ਐੱਸਟੀਐੱਫ ਦਾ ਜਾਅਲੀ ਇੰਸਪੈਕਟਰ ਅਤੇ ਦੂਸਰਾ ਵਿਜੀਲੈਂਸ ਅਫਸਰ ਦੱਸਦੇ ਸਨ।
ਇਨ੍ਹਾਂ ਕੋਲੋਂ ਪੁਲਿਸ ਨੂੰ ਮੀਡੀਆ ਦੇ ਆਈਕਾਰਡ ਅਤੇ ਪੁਲਿਸ ਵਰਦੀ ‘ਚ ਮੋਬਾਈਲ ਵਿਚੋਂ ਫੋਟੋਆਂ ਵੀ ਮਿਲੀਆਂ ਹਨ। ਫਿਲਮੀ ਸਟਾਈਲ ‘ਚ ਇਸ ਗੈਂਗ ਨੇ ਐਕਸੀਅਨ ਦਫ਼ਤਰ ਵਿਚ ਐੱਸਡੀਓ ਨੂੰ ਘੇਰ ਕੇ ਉਸ ਤੋਂ ਫੋਨ ਕਰਵਾ ਕੇ ਜੇਈ ਨੂੰ ਵੀ ਸੱਦ ਲਿਆ। ਜਿਸ ਤੋਂ ਘਬਰਾਏ ਐਕਸੀਅਨ ਆਪਣੇ ਦਫ਼ਤਰ ਵਿਚੋਂ ਫੁਰਰ ਹੋ ਗਏ।
ਸ਼ਨੀਵਾਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਬ ਡਵੀਜ਼ਨ ਮੁੱਲਾਂਪੁਰ ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਬੀਤੀ 13 ਅਕਤੂਬਰ ਨੂੰ ਦੋ ਵਿਅਕਤੀਆਂ ਨੇ ਪਲਾਸਟਿਕ ਫੈਕਟਰੀ ‘ਚ ਮੀਟਰ ਲਗਾਉਣ ਲਈ ਪਾਵਰਕਾਮ ਵਿਭਾਗ ਨਾਲ ਸੰਪਰਕ ਕੀਤਾ।
ਇਸ ‘ਤੇ ਪਾਵਰਕਾਮ ਦੇ ਐਕਸੀਅਨ ਰਵੀ ਕੁਮਾਰ ਚੌਪੜਾ ਨੇ ਮੁੱਲਾਂਪੁਰ ਪਾਵਰਕਾਮ ਦੇ ਐੱਸਡੀਓ ਜਸਕਰਨਪ੍ਰੀਤ ਸਿੰਘ ਨੂੰ ਫੋਨ ਕਰਕੇ ਉਕਤ ਵਿਅਕਤੀਆਂ ਨੂੰ ਸਾਰਾ ਪ੍ਰੋਸੈਸਸ ਦੱਸਣ ਲਈ ਕਿਹਾ। ਇਸ ‘ਤੇ ਉਹ ਐਕਸੀਅਨ ਦਫ਼ਤਰ ਪੁੱਜੇ ਤਾਂ ਉਥੇ ਐਕਸੀਅਨ ਤਾਂ ਨਹੀਂ ਸਨ ਪਰ ਉਨ੍ਹਾਂ ਦੇ ਕਮਰੇ ਵਿਚ ਦੋ ਵਿਅਕਤੀ ਮੌਜੂਦ ਸਨ। ਜਿਨ੍ਹਾਂ ਵਿਚੋਂ ਇੱਕ ਨੇ ਉਨ੍ਹਾਂ ਦਾ ਗੁੱਟ ਫੜ ਕੇ ਕਿਹਾ ਕਿ ਉਹ ਐੱਸਟੀਐੱਫ ਦੇ ਇੰਸਪੈਕਟਰ ਗਗਨ ਸਿੰਘ ਹਨ ਅਤੇ ਇਸ ਸਮੇਂ ਐੱਸਟੀਐੱਫ ਤੇ ਵਿਜੀਲੈਂਸ ਦੀ ਸਾਂਝੀ ਰੇਡ ਵਿਚ ਸ਼ਾਮਲ ਹਨ। ਜਿਨ੍ਹਾਂ ਕਿਹਾ ਕਿ ਐਕਸੀਅਨ ਨੇ ਉਨ੍ਹਾਂ ਕੋਲੋਂ 2 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਐਕਸੀਅਨ ਅਨੁਸਾਰ 1 ਲੱਖ ਰੁਪਏ ਐੱਸਡੀਓ ਨੂੰ ਦੇਣੇ ਹਨ। ਜਿਸ ਸਬੰਧ ਵਿਚ ਉਨ੍ਹਾਂ ਕੋਲ ਸਬੂਤ ਵੀ ਹਨ।
ਇਸ ‘ਤੇ ਐੱਸਡੀਓ ਨੇ ਉਕਤ ਦੇ ਕਹਿਣ ‘ਤੇ ਜੇਈ ਪਰਮਿੰਦਰ ਸਿੰਘ ਨੂੰ ਵੀ ਐਕਸੀਅਨ ਦਫ਼ਤਰ ਵਿਚ ਬੁਲਾ ਲਿਆ। ਇਸ ‘ਤੇ ਉਕਤ ਚਾਰਾਂ ਨੇ ਐਕਸੀਅਨ ਦਫ਼ਤਰ ਦੀ ਅੰਦਰੋਂ ਕੁੰਡੀ ਲਗਾ ਲਈ ਤੇ ਉਨ੍ਹਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ। ਇਸ ‘ਤੇ ਦੋਵੇਂ ਪਾਵਰਕਾਮ ਅਧਿਕਾਰੀ ਉਨ੍ਹਾਂ ਦੀਆਂ ਮਿੰਨਤਾਂ ਤਰਲੇ ਕਰਨ ਲੱਗ ਪਏ। ਜਿਸ ਤੋਂ ਬਾਅਦ ਦੋਵਾਂ ਪਾਵਰਕਾਮ ਅਧਿਕਾਰੀਆਂ ਨੂੰ ਆਪਣੀ ਇਨੋਵਾ ਅਤੇ ਕਰੋਲਾ ਗੱਡੀ ਵਿਚ ਬਿਠਾ ਕੇ ਲੁਧਿਆਣਾ ਲੈ ਗਏ। ਉਥੇ ਉਨ੍ਹਾਂ ਦੋਵਾਂ ਅਧਿਕਾਰੀਆਂ ਤੋਂ ਛੱਡਣ ਬਦਲੇ 7 ਲੱਖ 20 ਹਜਾਰ ਰੁਪਏ ਹਥਿਆ ਲਏ।
ਡੀਐੱਸਪੀ ਖੋਸਾ ਅਨੁਸਾਰ ਇਸ ਘਟਨਾ ਨੂੰ ਲੈ ਕੇ 15 ਅਕਤੂਬਰ ਨੂੰ ਐੱਸਡੀਓ ਜਸਕਰਨਪ੍ਰੀਤ ਸਿੰਘ ਉਨ੍ਹਾਂ ਕੋਲ ਸ਼ਿਕਾਇਤ ਲੈ ਕੇ ਆਏ। ਜਿਨ੍ਹਾਂ ਸਾਰੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਬਰਨ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਵਾਲੇ ਨਹੀਂ ਲੱਗਦੇ ਸਨ। ਇਸ ‘ਤੇ ਥਾਣਾ ਦਾਖਾ ਦੇ ਮੁਖੀ ਹਮਰਾਜ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਤਫਤੀਸ਼ ਕੀਤੀ ਤਾਂ ਸਾਰੀ ਘਟਨਾ ਫਿਲਮੀ ਸਟਾਈਲ ਜਾਅਲੀ ਨਿਕਲੀ।
ਇਸ ‘ਤੇ ਪੁਲਿਸ ਟੀਮਾਂ ਨੇ ਪਟਿਆਲਾ ‘ਚ ਛਾਪਾਮਾਰੀ ਕਰਦਿਆਂ ਜਾਅਲੀ ਇੰਸਪੈਕਟਰ ਬਣੇ ਗਗਨ ਜਿਸ ਦਾ ਅਸਲੀ ਨਾਮ ਗੁਰਵਿੰਦਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਝਿਲ ਪਟਿਆਲਾ ਅਤੇ ਅਮਨਦੀਪ ਸਿੰਘ ਜੋ ਆਪਣੇ ਆਪ ਨੂੰ ਰਾਜਵੀਰ ਦੱਸਦਾ ਸੀ, ਪੁੱਤਰ ਦਲੇਰ ਸਿੰਘ ਵਾਸੀ ਰਣਜੀਤ ਨਗਰ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ ਦੋ ਇਨੋਵਾ ਗੱਡੀਆਂ, ਦੋ ਮੋਬਾਈਲ ਫੋਨ ਅਤੇ ਦੋ ਮੀਡੀਆ ਕਾਰਡ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਤੀਸਰਾ ਸਾਥੀ ਵਿਨੈ ਅਰੋੜਾ ਪੁੱਤਰ ਸੁਰਿੰਦਰ ਅਰੋੜਾ ਵਾਸੀ ਕਿਲਾ ਚੌਂਕ ਪਟਿਆਲਾ ਅਤੇ ਚੌਥਾ ਸਾਥੀ ਬ੍ਰਹਮਜੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਸਫਾਬਾਦੀ ਗੇਟ ਪਟਿਆਲਾ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…