ਸੁਨਿਆਰੇ ਦੀ ਦੁਕਾਨ ‘ਤੇ ਪਿਸਤੌਲ ਅਤੇ ਦਾਤਰ ਦੇ ਜ਼ੋਰ ‘ਤੇ ਇਕ ਮਿੰਟ 50 ਸਕਿੰਟਾਂ ‘ਚ ਹੋਈ ਇਕ ਕਰੋੜ ਦੇ ਗਹਿਣਿਆਂ ਦੀ ਲੁੱਟ
( KOROTANY ) ਜਲੰਧਰ, 30 ਅਕਤੂਬਰ – ਭਾਰਗੋ ਕੈਂਪ ਦੇ ਬਾਜ਼ਾਰ ‘ਚ ‘ਵਿਜੇ ਜਿਊਲਰ’ ਨਾਮਕ ਸੁਨਿਆਰੇ ਦੀ ਦੁਕਾਨ ‘ਤੇ ਸਵੇਰੇ 10.49 ਵਜੇ ਦੇ ਕਰੀਬ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਚਿੱਟੇ ਦਿਨ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕਰੀਬ ਇਕ ਕਰੋੜ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਅਤੇ 2,25,000 ਰੁਪਏ ਦੀ ਨਕਦੀ ਲੁੱਟ ਲਈ ਹੈ। ਲੁੱਟ ਦੀ ਸਾਰੀ ਵਾਰਦਾਤ ਦੁਕਾਨ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ, ਜਿਨ੍ਹਾਂ ‘ਚ ਮੁਲਜ਼ਮਾਂ ਦੀ ਪਛਾਣ ਨਾਲ ਹੋ ਰਹੀ ਹੈ। ਦੁਕਾਨ ਮਾਲਕ ਅਜੇ ਕੁਮਾਰ ਵਾਸੀ ਅਵਤਾਰ ਨਗਰ, ਜਲੰਧਰ ਨੇ ਜਾਣਕਾਰੀ ਦਿੱਤੀ ਕਿ ਅੱਜ ਸਵੇਰੇ ਉਸ ਦਾ ਲੜਕਾ ਨਿਖਿਲ ਕੁਮਾਰ ਅਤੇ ਕਾਰੀਗਰ ਸੰਜੇ ਕੁਮਾਰ ਦੁਕਾਨ ‘ਤੇ ਮੌਜੂਦ ਸਨ। ਨਿਖਿਲ ਅੱਗੇ ਕਾਉਂਟਰ ‘ਤੇ ਬੈਠਾ ਹੋਇਆ ਸੀ, ਜਦਕਿ ਸੰਜੇ ਦੁਕਾਨ ਦੇ ਪਿੱਛੇ ਸੋਫ਼ੇ ‘ਤੇ ਬੈਠਾ ਹੋਇਆ ਸੀ। ਇਸ ਦੌਰਾਨ ਦੁਕਾਨ ‘ਤੇ ਤਿੰਨ ਵਿਅਕਤੀ ਆਏ, ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ‘ਚੋਂ ਇਕ ਦੇ ਹੱਥ ‘ਚ ਪਿਸਤੌਲ ਅਤੇ ਇਕ ਕੋਲ ਦਾਤਰ ਫੜਿਆ ਹੋਇਆ ਸੀ। ਇਕ ਲੁਟੇਰੇ ਨੇ ਨਿਖਿਲ ‘ਤੇ ਪਿਸਤੌਲ ਤਾਣ ਦਿੱਤੀ ਅਤੇ ਧਮਕੀ ਦੇ ਕੇ ਉਸ ਕੋਲੋਂ ਕਾਉਂਟਰ ਦੀਆਂ ਚਾਬੀਆਂ ਮੰਗਣ ਲੱਗੇ। ਜਦ ਨੂੰ ਇਕ ਲੁਟੇਰੇ ਨੇ ਦਾਤਰ ਨਾਲ ਕਾਉਂਟਰ ਅਤੇ ਸ਼ੋਕੇਸਾਂ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਦੇ ਤੀਸਰੇ ਸਾਥੀ, ਜਿਸ ਕੋਲ ਬੈਗ ਫੜਿਆ ਹੋਇਆ ਸੀ, ਉਹ ਕਾਉਂਟਰਾਂ ‘ਚੋਂ ਗਹਿਣੇ ਕੱਢ ਕੇ ਬੈਗ ‘ਚ ਪਾਉਣ ਲੱਗਾ। ਉਨ੍ਹਾਂ ਨਿਖਿਲ ਨੂੰ ਧਮਕਾਇਆ ਕਿ ਉਹ ਕਿਸੇ ਨੂੰ ਫੋਨ ਨਾ ਕਰੇ, ਨਿਖਿਲ ਨੇ ਲੁਟੇਰਿਆਂ ਨੂੰ ਦੱਸਿਆ ਕਿ ਉਸ ਕੋਲ ਮੋਬਾਈਲ ਫੋਨ ਨਹੀਂ ਹੈ। ਇਸ ਦੌਰਾਨ ਸੰਜੇ ਸਹਿਮ ਕੇ ਆਪਣੀ ਜਗ੍ਹਾ ‘ਤੇ ਹੀ ਬੈਠਾ ਰਿਹਾ।


ਲੁਟੇਰਿਆਂ ਨੇ ਕਰੀਬ ਇਕ ਮਿੰਟ 50 ਸਕਿੰਟਾਂ ‘ਚ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪੈਦਲ ਹੀ ਦੁਕਾਨ ਤੋਂ ਬਾਜਾਰ ਵੱਲ ਜਾਂਦੇ ਹੋਏ, ਮੌਕੇ ‘ਤੋਂ ਫ਼ਰਾਰ ਹੋ ਗਏ। ਅਜੇ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਦੁਕਾਨ ‘ਚੋਂ ਸੋਨੇ ਦੇ 8 ਸੈੱਟ, 12 ਚੇਨਾਂ, 25-30 ਮੁੰਦਰੀਆਂ ਅਤੇ ਟਾਪਸ, ਔਰਤਾਂ ਦੇ ਕੜਿਆਂ ਦੀ ਇਕ ਜੋੜੀ ਅਤੇ ਇਕ ਮਰਦਾਨਾ ਕੜੇ ਸਮੇਤ ਕਰੀਬ 800 ਗ੍ਰਾਮ ਸੋਨੇ ਦੇ ਨਾਲ-ਨਾਲ ਕਾਉਂਟਰ ‘ਚ ਪਈ ਕਰੀਬ 2 ਲੱਖ ਦੀ ਨਕਦੀ ਅਤੇ ਨਿਖਿਲ ਦੇ ਕੋਲ ਮੌਜੂਦ 25 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ। ਵਾਰਦਾਤ ਤਾ ਪਤਾ ਲਗਦੇ ਹੀ ਡੀ.ਸੀ.ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ, ਏ.ਸੀ.ਪੀ. (ਜਾਂਚ) ਜਸਜੋਤ ਸਿੰਘ, ਏ.ਸੀ.ਪੀ. (ਪੱਛਮੀ) ਸਰਵਨਜੀਤ ਸਿੰਘ, ਸੀ.ਆਈ.ਏ. ਸਟਾਫ਼ ਮੁਖੀ ਸੁਰਿੰਦਰ ਕੁਮਾਰ, ਥਾਣਾ ਭਾਰਗੋ ਕੈਂਪ ਦੇ ਮੁਖੀ ਮੋਹਨ ਲਾਲ ਪੁਲਿਸ ਪਾਰਟੀਆਂ ਸਮੇਤ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਨੇ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਲੁਟੇਰੇ ਦਾ ਸੱਜਾ ਹੱਥ ਕੰਮ-ਕਾਜ ਤੋਂ ਅਸਮਰੱਥ ਸੀ.ਸੀ.ਟੀ.ਵੀ. ‘ਚ ਨਜ਼ਰ ਆ ਰਿਹਾ ਹੈ ਕਿ ਜਿਸ ਲੁਟੇਰੇ ਨੇ ਪਿਸਤੌਲ ਫੜਿਆ ਹੋਇਆ ਸੀ, ਉਸ ਦਾ ਸੱਜਾ ਹੱਥ ਸਹੀ ਢੰਗ ਨਾਲ ਕੰਮ ਕਰਨ ਤੋਂ ਅਸਮਰੱਥ ਹੈ।
ਵਾਰਦਾਤ ਦੌਰਾਨ ਉਸ ਨੇ ਆਪਣਾ ਪਿਸਤੌਲ ਨੂੰ ਲੋਡ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕਿਆ, ਜਿਸ ਕਰਕੇ ਉਸ ਨੇ ਪਿਸਤੌਲ ਆਪਣੇ ਦੂਸਰੇ ਸਾਥੀ ਨੂੰ ਦੇ ਦਿੱਤਾ। ਉਸ ਨੇ ਪਿਸਤੌਲ ਨੂੰ ਲੋਡ ਕੀਤਾ ਅਤੇ ਨਿਖਿਲ ‘ਤੇ ਤਾਣ ਕੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਪਹਿਲੇ ਲੁਟੇਰੇ ਨੇ ਇਕ ਲਿਫ਼ਾਫ਼ਾ ਖੋਲਿ੍ਹਆ, ਜਿਸ ਨੂੰ ਖੋਲ੍ਹਣ ਲਈ ਉਹ ਕੇਵਲ ਖੱਬੇ ਹੱਥ ਦਾ ਇਸਤੇਮਾਲ ਕਰ ਰਿਹਾ ਸੀ। ਜਦੋਂ ਉਸ ਸ਼ੋਕੇਸ ‘ਚੋਂ ਗਹਿਣੇ ਕੱਢ ਰਿਹਾ ਸੀ, ਤਾਂ ਉਸ ਨੇ ਆਪਣਾ ਸੱਜਾ ਹੱਥ ਕੰਧ ਨਾਲ ਟਿਕਾਇਆ ਹੋਇਆ ਸੀ, ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਉਸ ਦਾ ਹੱਥ ਕਿਸੇ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ, ਜਿਸ ਕਰਕੇ ਉਹ ਲਿਫ਼ਾਫ਼ੇ ‘ਚ ਗਹਿਣੇ ਪਾਉਣ ਲਈ ਵੀ ਖੱਬੇ ਹੱਥ ਦਾ ਇਸਤੇਮਾਲ ਕਰ ਰਿਹਾ ਸੀ। ਮੁਲਜ਼ਮਾਂ ਦੀ ਹੋਈ ਪਛਾਣ, ਘਰਾਂ ‘ਚੋਂ ਕੱਪੜੇ ਬਦਲਣ ਤੋਂ ਬਾਅਦ ਹੋਏ ਫ਼ਰਾਰ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਇਲਾਕਾ ਵਾਸੀਆਂ ਤੋਂ ਮੁਲਜ਼ਮਾਂ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਹੈ, ਜਿਸ ਨਾਲ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨ੍ਹਾਂ ‘ਚ ਇਕ ਮੁਲਜ਼ਮ ਕੌਸ਼ਲ ਹੈ (ਜਿਸ ਦਾ ਹੱਥ ਖ਼ਰਾਬ ਹੈ) ਅਤੇ ਉਸ ਦੇ ਦੋ ਹੋਰ ਸਾਥੀ ਗਗਨ ਭਈਆ ਅਤੇ ਕਰਨ ਬੱਚਾ ਹਨ। ਦੱਸਿਆ ਜਾ ਰਿਹਾ ਹੈ ਕਿ ਕੌਸ਼ਲ ਅਤੇ ਗਗਨ ਇਲਾਕੇ ਦੇ ਹੀ ਰਹਿਣ ਵਾਲੇ ਹਨ, ਜਦਕਿ ਕਰਨ ਦੂਸਰੇ ਸ਼ਹਿਰ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਲੁਟੇਰੇ ਪਹਿਲਾਂ ਆਪਣੇ ਘਰ ਗਏ, ਜਿੱਥੇ ਉਨ੍ਹਾਂ ਆਪਣੇ ਕੱਪੜੇ ਬਦਲੇ ਅਤੇ ਫਿਰ ਉਹ ਫ਼ਰਾਰ ਹੋ ਗਏ। ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ। ਮੌਕੇ ‘ਤੇ ਪਹੁੰਚੇ ਵੱਖ-ਵੱਖ ਰਾਜਨੀਤਕ ਆਗੂਆਂ ਨੇ ਪੀੜਤ ਨਾਲ ਕੀਤੀ ਹਮਦਰਦੀ ਚਿੱਟੇ ਦਿਨ ਹੋਈ ਇੰਨੀ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਮੌਜੂਦਾ ਵਿਧਾਇਕ ਮਹਿੰਦਰ ਭਗਤ ਦੇ ਲੜਕੇ ਅਤੁੱਲ ਭਗਤ ਨੇ ਮੌਕੇ ‘ਤੇ ਪਹੁੰਚ ਕੇ ਪੀੜਤਾਂ ਤੋਂ ਜਾਣਕਾਰੀ ਲਈ। ਸਾਬਕਾ ਸਾਂਸਦ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਕੌਂਸਲਰ ਤਰਸੇਮ ਲਖੌਤਰਾ, ਕੌਂਸਲਰ ਰਾਜ ਕੁਮਾਰ ਰਾਜੂ, ਸਾਬਕਾ ਕੌਂਸਲਰ ਵਿਪਨ ਕੁਮਾਰ ਅਤੇ ਹੋਰਾਂ ਨੇ ਵਾਰਦਾਤ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਇਲਾਕੇ ਦੇ ਲੋਕ ਦੇਖਦੇ ਰਹੇ, ਪਰ ਕਿਸੇ ਨੇ ਨਹੀਂ ਦਿੱਤਾ ਸਾਥ ਸੀ.ਸੀ.ਟੀ.ਵੀ. ਫੁਟੇਜ ‘ਚ ਸਾਫ਼ ਦਿਖਾਈ ਦੇ ਰਿਹਾ ਹੈ, ਕਿ ਜਦੋਂ ਨਿਖਿਲ ਲੁਟੇਰਿਆਂ ਨੂੰ ਦੇਖ ਕੇ ਘਬਰਾਇਆ ਅਤੇ ਉਸ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੁਟੇਰੇ ਜਦੋਂ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ, ਤਾਂ ਉਸ ਸਮੇਂ ਕੁਝ ਵਿਅਕਤੀ ਦੁਕਾਨ ਦੇ ਅੰਦਰ ਦੇਖ ਕੇ ਉੱਥੋਂ ਲੰਘ ਗਏ, ਪਰ ਉਨ੍ਹਾਂ ਵਲੋਂ ਨਾ ਤਾਂ ਲੁਟੇਰਿਆਂ ਦਾ ਵਿਰੋਧ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਵਾਰਦਾਤ ਨੂੰ ਰੋਕਣ ਲਈ ਕੋਈ ਯਤਨ ਹੀ ਕੀਤਾ। ਪੰਜਾਬ ‘ਚ ਕਾਨੂੰਨ ਵਿਵਸਥਾ ਵਿਗੜੀ-ਰਵਿੰਦਰ ਧੀਰ ਭਾਰਗੋ ਕੈਂਪ ‘ਚ ਹੋਈ ਲੁੱਟ ਦੀ ਵਾਰਦਾਤ ਦਾ ਪਤਾ ਲਗਦੇ ਹੀ ਭਾਜਪਾ ਵਪਾਰ ਵਿੰਗ ਪੰਜਾਬ ਦੇ ਸਹਿ-ਕਨਵੀਨਰ ਰਵਿੰਦਰ ਧੀਰ ਆਪਣੇ ਸਾਥੀਆਂ ਭਾਜਪਾ ਨੇਤਾ ਯੋਗੇਸ਼ ਮਲਹੋਤਰਾ, ਮਹਿੰਦਰ ਭਗਤ, ਰਜਿੰਦਰ ਚਤਰਥ, ਡਿੰਪਲ ਸ਼ਰਮਾ, ਅਜੇ ਵਰਮਾ ਅਤੇ ਹੋਰਾਂ ਨਾਲ ਮੌਕੇ ‘ਤੇ ਪਹੁੰਚੇ ਅਤੇ ਪੀੜਤ ਦੁਕਾਨਦਾਰ ਤੋਂ ਵਾਰਦਾਤ ਸੰਬੰਧੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਬਣੀ ਹੋਈ ਹੈ। ਸ੍ਰੀ ਧੀਰ ਨੇ ਕਿਹਾ ਕਿ ਡਰੇ ਹੋਏ ਨੌਜਵਾਨ ਦੁਕਾਨਦਾਰ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰਵਿੰਦਰ ਧੀਰ ਨੇ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਜਿਸ ਤਰ੍ਹਾਂ ਇਹ ਲੁੱਟ ਹੋਈ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਅਪਰਾਧੀਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੱਛਲੇ ਸਮੇਂ ਤੋਂ ਪੂਰੇ ਪੰਜਾਬ ‘ਚ ਅਪਰਾਧ ਲਗਾਤਾਰ ਵੱਧ ਰਿਹਾ ਹੈ, ਜਿਸਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਦੀ ਹੈ, ਕਿਉਂਕਿ ਉਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ। ਉਹ ਅਤੇ ਉਨ੍ਹਾਂ ਦਾ ਪੂਰਾ ਵਿਭਾਗ ਕਾਨੂੰਨ ਵਿਵਸਥਾ ਦੇ ਮਾਮਲਿਆਂ ‘ਚ ਅਸਫ਼ਲ ਸਾਬਤ ਹੋਇਆ ਹੈ। ਰਵਿੰਦਰ ਧੀਰ ਨੇ ਪੀੜਤ ਦੁਕਾਨਦਾਰ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਸਾਰਾ ਸ਼ਹਿਰ ਉਨ੍ਹਾਂ ਦੇ ਨਾਲ ਹੈ ਅਤੇ ਉਹ ਜੋ ਵੀ ਸਹਾਇਤਾ ਚਾਹੁੰਦੇ ਹਨ, ਉਹ ਮੁਹੱਈਆ ਕਰਵਾਈ ਜਾਵੇਗੀ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ