ਐਚ.ਐਮ.ਵੀ. ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਿਹਤਮੰਦ ਜੀਵਨ ਦਾ ਸੰਦੇਸ਼
( KOROTANY ) Jalandhar/ Punjab / ਹਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਅਤੇ ਆਰੀਆ ਪ੍ਰਤੀਨਿਧ ਉਪ ਸਭਾ, ਪੰਜਾਬ ਇਕਾਈ ਦੇ ਸਾਂਝੇ ਉਪਰਾਲੇ ਅਤੇ ਕਾਲਜ ਸਟੂਡੈਂਟ ਕੋਸਿਲ, ਐਨ.ਐਸ.ਐਸ., ਐਨ.ਸੀ.ਸੀ. ਅਤੇ ਕਾਲਜ ਦੇ ਸਪੋਰਟਸ ਵਿੰਗ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਦਾ ਉਦੇਸ਼ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਨੂੰ ਯੋਗ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਸਮਾਗਮ ਵਿੱਚ ਆਰੀਆ ਉਪ ਸਭਾ (ਪੰਜਾਬ) ਦੇ ਪ੍ਰਧਾਨ ਡਾ. ਜੇ.ਪੀ. ਸੂਰ, ਉਪ ਸਰਪ੍ਰਸਤ ਸ੍ਰੀ ਕੁੰਦਨ ਲਾਲ ਅਗਰਵਾਲ ਅਤੇ ਡੀ.ਏ.ਵੀ. ਸੀ.ਐੱਮ.ਸੀ., ਨਵੀਂ ਦਿੱਲੀ ਦੇ ਸਕੱਤਰ ਸ੍ਰੀ ਅਜੈ ਗੋਸਵਾਮੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵੱਲੋਂ ਨਿਰਧਾਰਿਤ ਇਸ ਸਾਲ ਦੇ ਵਿਸ਼ੇ “ਬੁਢਾਪੇ ਵਿੱਚ ਸਿਹਤਮੰਦ ਜੀਵਨ ਲਈ ਯੋਗ” ਨੂੰ ਧਿਆਨ ਵਿੱਚ ਰੱਖਦਿਆਂ ਯੋਗ ਮਾਹਿਰ ਸ਼੍ਰੀ ਸਿਮਰਨ ਹਰਿ ਸਿਡਾਨਾ ਨੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਦੀਆਂ ਵਿਧੀਆਂ ਦਾ ਅਭਿਆਸ ਕਰਵਾਇਆ। ਉਨ੍ਹਾਂ ਯੋਗ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਲਾਭਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਜੋਤੀ ਗੋਗੀਆ ਨੇ ਯੋਗ ਅਤੇ ਧਿਆਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਯੋਗ ਮਨੁੱਖ ਨੂੰ ਤਣਾਅ-ਮੁਕਤ ਅਤੇ ਸੰਤੁਲਿਤ ਜੀਵਨ ਜੀਣ ਦੀ ਪ੍ਰੇਰਣਾ ਦਿੰਦਾ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਯੋਗ ਭਾਰਤੀ ਸੱਭਿਆਚਾਰ ਦੀ ਵਡਮੁੱਲਾ ਵਿਰਸਾ ਅਤੇ ਸੰਸਕ੍ਰਿਤੀ ਦਾ ਅਟੁੱਟ ਅੰਗ ਹੈ, ਜੋ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਅਤੇ ਆਤਮਿਕ ਸੰਤੁਲਨ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਮਹਿਮਾਨਾਂ ਦਾ ਗ੍ਰੀਨ ਪਲਾਂਟਰ ਭੇਟ ਕਰਕੇ ਸਨਮਾਨ ਕੀਤਾ ਅਤੇ ਸਮਾਗਮ ਦੇ ਸਫਲ ਆਯੋਜਨ ਲਈ ਡਾ. ਜੋਤੀ ਗੋਗੀਆ ਅਤੇ ਸ੍ਰੀਮਤੀ ਕੁਲਜੀਤ ਕੌਰ ਨੂੰ ਵਧਾਈ ਦਿੱਤੀ। ਆਰੀਆ ਪ੍ਰਤੀਨਿਧ ਉਪ ਸਭਾ ਦੇ ਪ੍ਰਧਾਨ ਡਾ. ਜੇ.ਪੀ. ਸੂਰ ਨੇ ਕਿਹਾ ਕਿ ਯੋਗ ਸਰੀਰ, ਮਨ ਅਤੇ ਆਤਮਾ ਦੇ ਸੁਮੇਲ ਦਾ ਵਿਗਿਆਨ ਹੈ, ਜਿਸ ਨੂੰ ਹਰ ਵਿਅਕਤੀ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਯੋਗ ਨੂੰ ਅਪਣਾਉਣ ਦੀ ਸਹੁੰ ਵੀ ਚੁਕਵਾਈ। ਇਸ ਮੌਕੇ ਮਹਾਂ ਵਿਦਿਆਲਿਆ ਦੇ ਖੇਡ ਵਿਭਾਗ ਦੀਆਂ ਵਿਦਿਆਰਥਣਾਂ ਨੇ ਜਿਮਨਾਸਟਿਕ ਰਾਹੀਂ ਵੱਖ-ਵੱਖ ਯੋਗ ਮੁਦਰਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਵਿੱਚ ਐਨ.ਐਸ.ਐਸ., ਐਨ.ਸੀ.ਸੀ., ਸਟੂਡੈਂਟਸ ਕੌਂਸਲ, ਖੇਡ ਵਿਭਾਗ ਦੀਆਂ ਵਿਦਿਆਰਥਣਾਂ, ਫੈਕਲਟੀ ਮੈਂਬਰਾਂ, ਗੈਰ-ਅਧਿਆਪਨ ਕਰਮਚਾਰੀਆਂ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਹੋਰਨਾਂ ਨੂੰ ਵੀ ਸਿਹਤਮੰਦ ਅਤੇ ਸੰਤੁਲਿਤ ਜੀਵਨ ਲਈ ਪ੍ਰੇਰਿਤ ਕਰਨ ਦਾ ਸੰਕਲਪ ਲਿਆ।

More Related Stories
ਇਜਾਜ਼ਤ ਰੱਦ ਹੋਣ ਦੇ ਬਾਵਜੂਦ, ਸੋਢਲ ਨਗਰ ਪਾਰਕ ਵਿੱਚ ਝੂਲੇ ਲਗਾਏ ਗਏ ਹਨ; ਮਾਮਲਾ ਚੰਡੀਗੜ੍ਹ ਤੱਕ ਪਹੁੰਚ ਗਿਆ ਹੈ।
ਸਿਰਫਿਰੇ ਨੇ ਸਕੂਲ ‘ਚ ਵੜ੍ਹ ਕੇ ਮਹਿਲਾ ਟੀਚਰ ਨੂੰ ਮਾਰੀਆਂ ਗੋਲੀਆਂ, ਫਿਰ ਆਪਣੀ ਕਨਪੱਟੀ ‘ਤੇ ਰੱਖ ਚਲਾਈ ਪਿਸਤੌਲ…
ਮੁਲਾਜ਼ਮਾਂ ਨੇ ਕੀਤੇ ਵੱਡੇ ਐਲਾਨ -‘ਸਕੱਤਰੇਤ ਤੋਂ ਸਤੌਜ ਵਾਪਸੀ’ ਮੋਰਚੇ ਦਾ ਰੱਖਿਆ ਨਾਮ