Global Awareness News

Awareness is Power: Know the World

ਮਾਵਾਂ-ਧੀਆਂ ਸਤਿਕਾਰ ਯੋਜਨਾ ‘ਚ ਵੱਡਾ ਘਪਲਾ: 62 ਔਰਤਾਂ ਦਾ ਨਿਕਲਿਆ ਇੱਕੋ ਬੈਂਕ ਖਾਤਾ, ਆਂਗਣਵਾੜੀ ਵਰਕਰ ਤੇ ਪੁੱਤਰ ਖ਼ਿਲਾਫ਼ ਕੇਸ ਦਰਜ

ਮਾਵਾਂ-ਧੀਆਂ ਸਤਿਕਾਰ ਯੋਜਨਾ ‘ਚ ਵੱਡਾ ਘਪਲਾ: 62 ਔਰਤਾਂ ਦਾ ਨਿਕਲਿਆ ਇੱਕੋ ਬੈਂਕ ਖਾਤਾ, ਆਂਗਣਵਾੜੀ ਵਰਕਰ ਤੇ ਪੁੱਤਰ ਖ਼ਿਲਾਫ਼ ਕੇਸ ਦਰਜ

( Korotany ) ਤਰਨਤਾਰਨ : ਸੂਬੇ ‘ਚ ਪਹਿਲੀ ਜੁਲਾਈ ਤੋਂ ਲਾਗੂ ਕੀਤੀ ਗਈ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟਰੇਸ਼ਨ ਦੌਰਾਨ ਬਲਾਕ ਚੋਹਲਾ ਸਾਹਿਬ ‘ਚ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਖਡੂਰ ਸਾਹਿਬ ਹਲਕੇ ਨਾਲ ਸਬੰਧਤ ਰਜਿਸਟਰਡ 62 ਔਰਤਾਂ ਦਾ ਬੈਂਕ ਖਾਤਾ ਨੰਬਰ ਇੱਕੋ ਨਿਕਲਿਆ। ਇਹ ਖੁਲਾਸਾ ਉਦੋਂ ਹੋਇਆ ਜਦੋਂ ਉਕਤ ਔਰਤਾਂ ਦੇ ਦਸਤਾਵੇਜ਼ਾਂ ਦੀ ਰਜਿਸਟਰੇਸ਼ਨ ਤੋਂ ਬਾਅਦ ਜਾਂਚ ਕੀਤੀ ਗਈ।

ਹਲਚਲ ਹੁੰਦੇ ਹੀ ਵਿਭਾਗ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਆਂਗਣਵਾੜੀ ਵਰਕਰ ਅਤੇ ਉਸਦੇ ਬੇਟੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੈਲ ਢਾਏਵਾਲਾ ਨਾਲ ਸਬੰਧਤ ਆਂਗਣਵਾੜੀ ਵਰਕਰ ਜਤਿੰਦਰ ਕੌਰ ਨੂੰ ਹੋਰਨਾਂ ਵਰਕਰਾਂ ਵਾਂਗ ਔਰਤਾਂ ਦੀ ਰਜਿਸਟ੍ਰੇਸ਼ਨ ਲਈ ਡਿਊਟੀ ‘ਤੇ ਲਾਇਆ ਗਿਆ। ਆਂਗਣਵਾੜੀ ਵਰਕਰ ਜਤਿੰਦਰ ਕੌਰ ਨੇ ਰਜਿਸਟ੍ਰੇਸ਼ਨ ਕਰਦੇ ਸਮੇਂ 62 ਔਰਤਾਂ ਦੇ ਦਸਤਾਵੇਜ਼ ਠੀਕ ਕੀਤੇ ਤੇ ਉਨ੍ਹਾਂ ਨੂੰ ਸਿਰਫ਼ ਇਕ ਬੈਂਕ ਖਾਤਾ ਨੰਬਰ ਦਿੱਤਾ। ਇਹ ਖਾਤਾ ਕਿਸੇ ਹੋਰ ਦਾ ਨਹੀਂ, ਸਗੋਂ ਆਂਗਣਵਾੜੀ ਵਰਕਰ ਦੇ ਪੁੱਤਰ ਗੁਰਬਾਜ਼ ਸਿੰਘ ਦਾ ਦੱਸਿਆ ਜਾਂਦਾ ਹੈ। ਚੰਡੀਗੜ੍ਹ ਬੈਠੇ ਸਬੰਧਤ ਵਿਭਾਗ ਦੇ ਬਾਬੂਆਂ ਨੇ ਜਦੋਂ ਰਜਿਸਟ੍ਰੇਸ਼ਨ ਦੇ ਮਾਮਲੇ ‘ਤੇ ਵੈਰੀਫਿਕੇਸ਼ਨ ਕੀਤੀ ਤਾਂ ਹਲਚਲ ਮਚ ਗਈ ਕਿਉਂਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਦੌਰਾਨ 62 ਔਰਤਾਂ ਦੇ ਇੱਕੋ ਬੈਂਕ ਖਾਤੇ ਨਾਲ ਰਜਿਸਟਰੇਸ਼ਨ ਹੋਣ ਦਾ ਮਾਮਲਾ ਸਭ ਨੂੰ ਹੈਰਾਨ ਕਰ ਰਿਹਾ ਹੈ। ਵਿਭਾਗ ਨੇ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਹੈ। ਚੰਡੀਗੜ੍ਹ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਘੰਟੀਆਂ ਵੱਜੀਆਂ। ਬਾਅਦ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਸਥਾਨਕ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੂੰ ਪੱਤਰ ਲਿਖ ਕੇ ਅਗਲੀ ਕਾਰਵਾਈ ਕਰਨ ਲਈ ਕਿਹਾ।

ਸੂਤਰਾਂ ਦੀ ਮੰਨੀਏ ਤਾਂ ਪਹਿਲੀ ਜਾਂਚ ਵਿਚ ਸਾਹਮਣੇ ਆ ਰਿਹਾ ਹੈ ਕਿ ਆਂਗਣਵਾੜੀ ਵਰਕਰ ਜਤਿੰਦਰ ਕੌਰ ਨੇ ਆਪਣਾ ਪਾਸਵਰਡ ਆਪਣੇ ਪੁੱਤਰ ਗੁਰਬਾਜ਼ ਸਿੰਘ ਨਾਲ ਸਾਂਝਾ ਕੀਤਾ ਸੀ। ਜਿਸ ਨੇ ਘਰ-ਘਰ ਜਾ ਕੇ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਕੁੱਲ 62 ਔਰਤਾਂ ਦੀ ਰਜਿਸਟ੍ਰੇਸ਼ਨ ਕਰਵਾਈ ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ‘ਚ ਆਪਣਾ ਨਿੱਜੀ ਬੈਂਕ ਖਾਤਾ ਸਾਂਝਾ ਕੀਤਾ। ਬਲਾਕ ਚੋਹਲਾ ਸਾਹਿਬ ਦੀ ਸੀਡੀਪੀਓ ਨਿਵੇਦਿਤਾ ਕੁਮਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਗੋਇੰਦਵਾਲ ਸਾਹਿਬ ‘ਚ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ ਗਿਆ ਸੀ। ਐੱਸਐੱਸਪੀ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ ਗੋਇੰਦਵਾਲ ਸਾਹਿਬ ਥਾਣਾ ਇੰਚਾਰਜ ਬਲਜੀਤ ਕੌਰ ਵੱਲੋਂ ਮੁਲਜ਼ਮ ਆਂਗਣਵਾੜੀ ਵਰਕਰ ਜਤਿੰਦਰ ਕੌਰ ਅਤੇ ਉਸ ਦੇ ਪੁੱਤਰ ਗੁਰਬਾਜ਼ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।