Global Awareness News

Awareness is Power: Know the World

ਪ੍ਰਵਾਸੀਆਂ ਦੇ ਹਸਤਾਖਰਾਂ ਵਾਲਾ ਮੰਗ-ਪੱਤਰ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਭੇਜਿਆ

ਪ੍ਰਵਾਸੀਆਂ ਦੇ ਹਸਤਾਖਰਾਂ ਵਾਲਾ ਮੰਗ-ਪੱਤਰ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਭੇਜਿਆ

( KOROTANY ) ਜਲੰਧਰ/ਲੁਧਿਆਣਾ: ਮਾਸੂਮ ਬੱਚੇ ਹਰਵੀਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਤੇ ਪੰਜਾਬ ‘ਚ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ, ਲੁਧਿਆਣਾ ਇਨਕਲਾਬੀ ਮਜ਼ਦੂਰ ਕੇਂਦਰ ਪੰਜਾਬ ਦੀ ਅਗਵਾਈ ‘ਚ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਮੰਤਰੀ ਭਾਰਤ ਦੇ ਨਾਮ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ-ਪੱਤਰ ਸੌੱਪਿਆ ਗਿਆ। ਜਾਰੀ ਕਰਦਿਆ ਕਾਮਰੇਡ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ‘ਚ ਮਾਸੂਮ ਬੱਚੇ ਹਰਵੀਰ ਦੇ ਦਰਦਨਾਕ ਕਤਲ ਤੇ ਉਸ ਉਪਰੰਤ ਪੈਦਾ ਕੀਤੀ ਗਈ ਪ੍ਰਵਾਸੀ ਲੋਕਾਂ ਖਿਲਾਫ ਫਿਰਕੂ ਨਫ਼ਰਤ, ਜਿਸ ਨੇ ਹੜ੍ਹਾਂ ਸਮੇਂ ਲੋਕਾਂ ‘ਚ ਸਾਹਮਣੇ ਆਈ ਭਾਈਚਾਰਕ ਏਕਤਾ ਨੂੰ ਸੱਟ ਮਾਰੀ ਹੈ ਤੇ ਜਾਇਜ਼ ਮੰਗਾਂ ਲਈ ਸਾਂਝੇ ਸੰਘਰਸ਼ ਨੂੰ ਵੀ ਸੱਟ ਮਾਰੀ ਹੈ।

ਇਨ੍ਹਾਂ ਹਾਲਾਤਾਂ ‘ਚ ਮੰਗ-ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਅਸੀ ਪੰਜਾਬ ‘ਚ ਵੱਸਦੇ ਪ੍ਰਵਾਸੀ ਲੋਕ ਮਾਸੂਮ ਬੱਚੇ ਹਰਵੀਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਤੇ ਪੰਜਾਬ ‘ਚ ਹੜ੍ਹ ਨਾਲ ਹੋਏ ਨੁਕਸਾਨ ਦੀ ਪੂਰਨ ਭਰਪਾਈ ਦੀ ਮੰਗ ਕਰਦੇ ਹਾਂ। ਅਸੀ ਫਿਰਕੂ ਨਫਰਤੀ ਸਿਆਸਤ, ਗੁੰਡਾਗਰਦੀ, ਅਨਪੜ੍ਹਤਾ, ਬੇਰੁਜ਼ਗਾਰੀ ਤੇ ਗੰਦੇ ਸੱਭਿਆਚਾਰ ਨੂੰ ਖਤਮ ਕਰਨ ਦੀ ਮੰਗ ਕਰਦੇ ਹਾਂ ਤਾਂ ਕਿ ਸਾਡੇ ਬੱਚਿਆਂ ਦਾ ਚੰਗੇ ਵਾਤਾਵਰਣ ‘ਚ ਪਾਲਣ-ਪੋਸ਼ਣ ਹੋ ਸਕੇ। ਕਿਸੇ ਵੀ ਅਪਰਾਧੀ ਨਾਲ ਜੋੜ ਕੇ ਉਸ ਦੀ ਪੂਰੀ ਜਾਤੀ, ਨਸਲ, ਧਰਮ ਜਾਂ ਜਮਾਤ ਨੂੰ ਦੋਸ਼ੀ ਬਣਾ ਕੇ ਪੇਸ਼ ਕਰ ਕੇ ਜਾਂ ਸਜ਼ਾ ਦੇਣ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ, ਜੋ ਸਮੁੱਚੇ ਸੰਸਾਰ ਦੇ ਪ੍ਰਵਾਸੀਆਂ, ਮਨੁੱਖਤਾ, ਪੰਜਾਬੀਅਤ, ਭਗਤੀ ਲਹਿਰ, ਸਿੱਖ ਧਰਮ ਤੇ ਦੇਸ਼ ਲਈ ਜਾਨਾਂ ਵਾਰ ਗਏ ਸ਼ਹੀਦਾਂ ਦੀ ਸੋਚ ਦੇ ਵੀ ਖਿਲਾਫ ਹੈ। ਉਨ੍ਹਾਂ ਪੰਜਾਬੀ ਕੌਮੀਅਤ ਸਮੇਤ ਭਾਰਤ ਦੀਆਂ ਸਾਰੀਆਂ ਕੌਮੀਅਤਾਂ ਦੇ ਅਗਾਂਹਵਧੂ ਸੱਭਿਆਚਾਰ, ਭਾਈਚਾਰਕ ਸਦਭਾਵਨਾ ਤੇ ਸਰਬਪੱਖੀ ਵਿਕਾਸ ਦੀ ਮੰਗ ਕੀਤੀ ਹੈ। ਉਹ ਇਹ ਵੀ ਸਮਝਦੇ ਹਨ ਕਿ ਹਰ ਰਾਜ ਪ੍ਰਬੰਧ ਹਰ ਮਨੁੱਖ ਦੀ ਜਨਮ ਭੂਮੀ ਤੇ ਕਰਮ ਭੂਮੀ ‘ਚ ਰੋਜ਼ੀ-ਰੋਟੀ ਤੇ ਸੁਰੱਖਿਆ ਪ੍ਰਬੰਧ ਕਰੇ। ਇਸ ਡੈਪੂਟੇਸ਼ਨ ਦੀ ਅਗਵਾਈ ਇਨਕਲਾਬੀ ਮਜ਼ਦੂਰ ਕੇਂਦਰ ਪੰਜਾਬ ਦੇ ਆਗੂ ਕਾਮਰੇਡ ਸੁਰਿੰਦਰ ਸਿੰਘ, ਵਿਜੈ ਨਾਰਾਇਣ, ਗੁਲਰ ਚੌਹਾਨ, ਹਰਚਰਨ ਚੌਧਰੀ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਜਸਵੰਤ ਜੀਰਖ ਤੋਂ ਇਲਾਵਾ ਡੈਪੂਟੇਸ਼ਨ ‘ਚ ਸਤਨਾਮ ਸਿੰਘ, ਰਵਾਨਾ, ਰਾਜੂ, ਰਣਜੀਤ ਕੁਮਾਰ, ਪ੍ਰਕਾਸ਼ ਤੇ ਕਰਮਜੀਤ ਸ਼ਾਮਲ ਸਨ।