Global Awareness News

Awareness is Power: Know the World

6000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਕਾਬੂ

6000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਕਾਬੂ

ਪਟਿਆਲਾ ਵਾਸੀ ਦੀ ਸ਼ਿਕਾਇਤ ‘ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤੀ ਕਾਰਵਾਈ :

( KOROTANY ) ਜਲੰਧਰ /ਪਟਿਆਲਾ ਪੰਜਾਬ ਵਿਜੀਲੈਂਸ ਬਿਊਰੋ ਨੇ ਨਾਇਬ ਤਹਿਸੀਲਦਾਰ ਸਮਾਣਾ ਦੇ ਰੀਡਰ ਸੰਜੀਵ ਸੱਭਰਵਾਲ ਨੂੰ 6000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਸਾਂਝੀ ਕਰਦਿਆਂ ਸੂਬਾਈ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਉਕਤ ਮੁਲਜ਼ਮ ਨੂੰ ਪਿੰਡ ਢੈਂਠਲ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਦੇ ਇਕ ਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਭਰਾ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਜਨ ਸਮਾਲ ਫਾਈਨਾਂਸ ਬੈਂਕ, ਪਟਿਆਲਾ ਤੋਂ 11 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ‘ਚ ਉਸ ਦਾ ਘਰ ਜ਼ਮਾਨਤ ਵਜੋਂ ਗਿਰਵੀ ਰੱਖਿਆ ਗਿਆ ਸੀ। ਇਹ ਕਰਜ਼ਾ 14000 ਰੁਪਏ ਦੀਆਂ ਮਹੀਨਾਵਾਰ ਕਿਸ਼ਤਾਂ ‘ਚ ਵਾਪਸ ਕੀਤਾ ਜਾ ਰਿਹਾ ਸੀ ਪਰ ਪਿਛਲੇ ਦੋ ਸਾਲਾਂ ਤੋਂ ਇਨ੍ਹਾਂ ਕਿਸ਼ਤਾਂ ਦਾ ਭੁਗਤਾਨ ਨਾ ਕਰਨ ਕਾਰਨ, ਐੱਸ.ਏ.ਆਰ.ਐੱਫ. ਏਐੱਸਆਈ ਐਕਟ, 2002 ਦੀ ਧਾਰਾ-14 ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਜੋ ਇਸ ਸਮੇਂ ਨਾਇਬ ਤਹਿਸੀਲਦਾਰ-ਕਮ-ਕਾਰਜਕਾਰੀ ਮੈਜਿਸਟ੍ਰੇਟ, ਸਮਾਣਾ ਦੇ ਦਫ਼ਤਰ ‘ਚ ਚੱਲ ਰਹੀ ਹੈ। ਨਤੀਜੇ ਵਜੋਂ ਗਿਰਵੀ ਰੱਖੀ ਜਾਇਦਾਦ ਦਾ ਕਬਜ਼ਾ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ।ਬੁਲਾਰੇ ਨੇ ਕਿਹਾ ਕਿ ਜਦੋਂ ਸ਼ਿਕਾਇਤਕਰਤਾ ਸਮਾਣਾ ‘ਚ ਨਾਇਬ ਤਹਿਸੀਲਦਾਰ ਦੇ ਦਫ਼ਤਰ ਗਿਆ ਤਾਂ ਉਹ ਰੀਡਰ ਸੰਜੀਵ ਸੱਭਰਵਾਲ ਨੂੰ ਮਿਲਿਆ।

ਮੁਲਜ਼ਮ ਰੀਡਰ ਨੇ ਕੇਸ ਦੀ ਕਾਰਵਾਈ ‘ਚ ਦੇਰੀ ਕਰਨ ਲਈ 25000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਗੱਲਬਾਤ ਮਗਰੋਂ ਮੁਲਜ਼ਮ 6,000 ਰੁਪਏ ਦੀ ਸ਼ੁਰੂਆਤੀ ਕਿਸ਼ਤ ਸਵੀਕਾਰ ਕਰਨ ਲਈ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਨੂੰ 06.07.2026 ਤੋਂ ਬਾਅਦ ਬਾਕੀ ਬਚੀ ਰਕਮ ਦਾ ਭੁਗਤਾਨ ਕਰਨ ਲਈ ਕਿਹਾ ਗਿਆ। ਗ਼ੈਰ-ਕਾਨੂੰਨੀ ਰਿਸ਼ਵਤ ਦਾ ਭੁਗਤਾਨ ਕਰਨ ਲਈ ਤਿਆਰ ਨਾ ਹੋਣ ਕਰ ਕੇ ਸ਼ਿਕਾਇਤਕਰਤਾ ਨੇ ਵੀਬੀ ਰੇਂਜ ਪਟਿਆਲਾ ਨਾਲ ਸੰਪਰਕ ਕੀਤਾ। ਉਸ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਮੁਲਜ਼ਮ ਰੀਡਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਸ਼ਿਕਾਇਤਕਰਤਾ ਤੋਂ 6000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।