ਬਿਜਲੀ ਚੋਰੀ ਕਰ ਕੇ ਈ-ਰਿਕਸ਼ਾ ਚਾਰਜ ਕਰਨ ਵਾਲਾ ਕਾਬੂ
( KOROTANY ) ਇੱਥੇ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਟਿਡ (ਸੀ ਪੀ ਡੀ ਐੱਲ) ਵੱਲੋਂ ਸ਼ਹਿਰ ਵਿੱਚ ਬਿਜਲੀ ਚੋਰੀ ਰੋਕਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸੀ ਪੀ ਡੀ ਐੱਲ ਨੇ ਮਨੀਮਾਜਰਾ ਦੇ ਸ਼ਾਸਤਰੀ ਨਗਰ ਵਿੱਚ ਬਿਜਲੀ ਚੋਰੀ ਕਰ ਕੇ ਈ-ਰਿਕਸ਼ਾ ਚਾਰਜ ਕਰਨ ਵਾਲੇ ਨੂੰ ਕਾਬੂ ਕਰ ਲਿਆ ਹੈ। ਸੀ ਪੀ ਡੀ ਐੱਲ ਦੇ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ਾਸਤਰੀ ਨਗਰ ਵਿੱਚ ਸ਼ੱਕ ਦੇ ਆਧਾਰ ‘ਤੇ ਛਾਪਾ ਮਾਰਿਆ।
ਇਸ ਦੌਰਾਨ ਇਕ ਵਿਅਕਤੀ ਨੂੰ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਦਿਆਂ ਰੰਗੇ ਹੱਥੀਂ ਫੜਿਆ ਹੈ। ਉਸ ਵਿਅਕਤੀ ਵੱਲੋਂ ਬਿਜਲੀ ਚੋਰੀ ਕਰ ਕੇ 20 ਈ-ਰਿਕਸ਼ੇ ਚਾਰਜ ਕੀਤੇ ਜਾ ਰਹੇ ਸਨ। ਇਸ ਲਈ ਲਗਭਗ 30 ਕਿਲੋਵਾਟ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਸੀ। ਖਪਤਕਾਰ ਕੋਲ ਬਿਜਲੀ ਦਾ ਰਜਿਸਟਰਡ ਕੁਨੈਕਸ਼ਨ ਹੋਣ ਦੇ ਬਾਵਜੂਦ ਬਿਜਲੀ ਚੋਰੀ ਕੀਤੀ ਜਾ ਰਹੀ ਸੀ।
ਬਿਜਲੀ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਖਪਤਕਾਰ ਨੇ ਈ-ਰਿਕਸ਼ਿਆਂ ਨੂੰ ਚਾਰਜ ਕਰਨ ਲਈ ਸੀ ਪੀ ਡੀ ਐੱਲ ਦੀ ਘੱਟ ਵੋਲਟੇਜ ਮੁੱਖ ਬਿਜਲੀ ਲਾਈਨ ਤੋਂ ਸਿੱਧੀ ਬਿਜਲੀ ਲੈ ਰੱਖੀ ਸੀ। ਇਸ ਤਰ੍ਹਾਂ ਬਿਜਲੀ ਸਪਲਾਈ ਦੀ ਅਧਿਕਾਰਤ ਪ੍ਰਣਾਲੀ ਨੂੰ ਬਾਈਪਾਸ ਕੀਤਾ ਜਾ ਰਿਹਾ ਸੀ। ਅਜਿਹੀ ਬਿਜਲੀ ਚੋਰੀ ਸੁਰੱਖਿਆ ਲਈ ਵੀ ਖਤਰਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਈ-ਰਿਕਸ਼ਾ ਚਾਰਜਿੰਗ ਸਟੇਸ਼ਨਾਂ ਦੀ ਬਿਜਲੀ ਖਪਤ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਇਹ ਪਤਾ ਲਾਉਣਾ ਹੈ ਕਿ ਇਨ੍ਹਾਂ ਸਟੇਸ਼ਨਾਂ ‘ਤੇ ਬਿਜਲੀ ਦੀ ਵਰਤੋਂ ਮਨਜ਼ੂਰਸ਼ੁਦਾ ਲੋਡ ਅਨੁਸਾਰ ਹੋ ਰਹੀ ਹੈ ਜਾਂ ਨਹੀਂ। ਸੀ ਪੀ ਡੀ ਐਲ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ-ਕਾਨੂੰਨੀ ਬਿਜਲੀ ਕੁਨੈਕਸ਼ਨਾਂ ਦੀ ਵਰਤੋਂ ਨਾ ਕਰਨ ਅਤੇ ਬਿਜਲੀ ਸਿਰਫ਼ ਅਧਿਕਾਰਤ ਕੁਨੈਕਸ਼ਨ ਰਾਹੀਂ ਹੀ ਵਰਤਣ।

More Related Stories
ਜੁਆਇਨਿੰਗ ਨੂੰ ਲੈ ਮੁੜ ਬਿਜਲੀ ਟਾਵਰ ‘ਤੇ ਚੜ੍ਹੇ ਨੌਜਵਾਨ, 2600 ਲਾਇਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਨੇ ਪਾਵਰਕਾਮ ਖ਼ਿਲਾਫ਼ ਮੁੜ ਖੋਲ੍ਹਿਆ ਮੋਰਚਾ
ਸਮਾਰਟ ਮੀਟਰ ਬੰਦ, ਫਿਰ ਵੀ ਚੱਲ ਰਹੇ ਪੱਖੇ-ਲਾਈਟਾਂ? 5200 ਖਪਤਕਾਰਾਂ ਦੀ ਜਾਂਚ ਸ਼ੁਰੂ, ਦਰਜ ਹੋਵੇਗੀ FIR
ਸੀਐਮਡੀ ਦੇ ਭਰੋਸੇ ਮਗਰੋਂ ਥਰਮਲ ਕੰਟਰੈਕਟਰ ਕਾਮਿਆਂ ਦਾ ਪੱਕਾ ਧਰਨਾ ਸਮਾਪਤ