Global Awareness News

Awareness is Power: Know the World

ਭਰਾ ਹੀ ਨਿਕਲਿਆ ਭਰਾ ਦਾ ਕਾਤਲ, ਅੰਮ੍ਰਿਤਸਰ ‘ਚ ਲਾਪਤਾ NRI ਦੇ ਮਾਮਲੇ ‘ਚ ਹੋਇਆ ਵੱਡਾ ਖੁਲਾਸਾ

ਭਰਾ ਹੀ ਨਿਕਲਿਆ ਭਰਾ ਦਾ ਕਾਤਲ, ਅੰਮ੍ਰਿਤਸਰ ‘ਚ ਲਾਪਤਾ NRI ਦੇ ਮਾਮਲੇ ‘ਚ ਹੋਇਆ ਵੱਡਾ ਖੁਲਾਸਾ

( KOROTANY ) Jalandhar/ਅੰਮ੍ਰਿਤਸਰ ਵਿੱਚ ਲਾਪਤਾ ਹੋਏ ਇੱਕ NRI ਦਾ ਉਸ ਦੇ ਭਰਾ ਵੱਲੋਂ ਹੀ ਕਤਲ ਕਰ ਦਿੱਤਾ ਗਿਆ। ਕਤਲ ਮਗਰੋਂ ਉਸ ਦੀ ਮ੍ਰਿਤਕ ਦੇਹ ਹਰੀਕੇ ਨੇੜੇ ਇੱਕ ਨਹਿਰ ਵਿੱਚ ਸੁੱਟ ਦਿੱਤਾ ਗਿਆ। NRI ਦੀ ਪਛਾਣ ਸੁਨੀਲ ਸ਼ਰਮਾ (66) ਵਜੋਂ ਹੋਈ ਹੈ। ਉਹ ਇੱਕ ਆਸਟ੍ਰੇਲੀਆਈ ਨਾਗਰਿਕ ਸੀ ਅਤੇ ਆਪਣੇ ਘਰ ਦੀ ਦੇਖਭਾਲ ਕਰਨ ਅਤੇ ਪੇਂਟਿੰਗ ਦੇ ਕੰਮ ਲਈ ਅੰਮ੍ਰਿਤਸਰ ਆਇਆ ਸੀ। ਉਹ 22 ਮਈ ਨੂੰ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਲਾਪਤਾ ਹੋ ਗਿਆ ਸੀ।

ਉਸ ਦੀ ਧੀ ਨੇ ਵੀਡੀਓ ਜਾਰੀ ਕਰਕੇ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਹੁਣ ਉਸ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ ਅਤੇ ਨਹਿਰ ਦੇ ਨੇੜੇ ਉਸਦੀ ਲਾਸ਼ ਬਰਾਮਦ ਕੀਤੀ ਹੈ।

ਪੁਲਿਸ ਨੇ ਮ੍ਰਿਤਕ ਦੇ ਭਰਾ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਘਟਨਾ ਜਾਇਦਾਦ ਦੇ ਵਿਵਾਦ ਕਾਰਨ ਹੋਈ ਹੈ।

ਅੰਮ੍ਰਿਤਸਰ ਦੇ ਐਸਐਸਪੀ ਕੰਵਲਪ੍ਰੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੁਨੀਲ ਸ਼ਰਮਾ ਨੂੰ ਪਹਿਲਾਂ 22 ਮਈ ਨੂੰ ਅੰਮ੍ਰਿਤਸਰ ਵਿੱਚ ਨੀਂਦ ਦੀਆਂ ਗੋਲੀਆਂ ਦਿੱਤੀਆਂ ਗਈਆਂ। ਫਿਰ ਉਸ ਨੂੰ ਬੇਸਬਾਲ ਬੈਟ ਸਿਰ ਵਿੱਚ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਦੀ ਲਾਸ਼ ਹਰੀਕੇ ਨੇੜੇ ਇੱਕ ਨਹਿਰ ਵਿੱਚ ਸੁੱਟ ਦਿੱਤੀ ਗਈ।

ਐਸਐਸਪੀ ਨੇ ਦੱਸਿਆ ਕਿ ਪਹਿਲਾਂ ਆਈਪੀਸੀ ਦੀ ਧਾਰਾ 364 ਦੇ ਤਹਿਤ ਗੁੰਮਸ਼ੁਦਾ ਵਿਅਕਤੀ ਦਾ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਇਹ ਪਤਾ ਲੱਗਾ ਕਿ ਸੁਨੀਲ ਸ਼ਰਮਾ ਨੂੰ ਉਸ ਦੇ ਭਰਾ ਸਤੀਸ਼ ਸ਼ਰਮਾ ਨੇ ਜਾਇਦਾਦ ਵੇਚਣ ਲਈ ਭਾਰਤ ਬੁਲਾਇਆ ਸੀ।

ਜਾਂਚ ਤੋਂ ਪਤਾ ਲੱਗਿਆ ਕਿ ਸੁਨੀਲ ਦੇ ਭਰਾ ਸਤੀਸ਼ ਨੇ ਪਹਿਲਾਂ ਹੀ ਲੁਧਿਆਣਾ ਤੋਂ ਜਾਅਲੀ ਪਾਵਰ ਆਫ਼ ਅਟਾਰਨੀ ਦੀ ਵਰਤੋਂ ਕਰਕੇ ਸੁਨੀਲ ਦੀਆਂ ਕਈ ਜਾਇਦਾਦਾਂ ਵੇਚ ਦਿੱਤੀਆਂ ਸਨ। ਅੰਮ੍ਰਿਤਸਰ ਦੇ ਏਸ਼ਾਨਾ ਅਸਟੇਟ ਵਿੱਚ ਇੱਕ ਜਾਇਦਾਦ ਵੀ ਵੇਚ ਦਿੱਤੀ ਗਈ ਸੀ। ਮੋਹਾਲੀ ਵਿੱਚ 4 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਲੈ ਕੇ ਭਰਾਵਾਂ ਵਿਚਕਾਰ ਵਿਵਾਦ ਹੋਇਆ ਸੀ।

ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਸਤੀਸ਼ ਸ਼ਰਮਾ, ਉਸਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪੁੱਤਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਰਟੀ ਡੀਲਰ ਲਕਸ਼ਮਣ ਸਿੰਘ ਬੱਲ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜ਼ਿਆਦਾਤਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਐਨਆਰਆਈ ਦੀ ਧੀ ਸੁਰਭੀ ਸ਼ਰਮਾ ਨੇ ਦੱਸਿਆ ਕਿ ਉਸਦੇ ਪਿਤਾ ਸੁਨੀਲ ਸ਼ਰਮਾ, ਆਸਟ੍ਰੇਲੀਆ ਦੇ ਮੈਲਬੌਰਨ ਦੇ ਇੱਕ ਸਕੂਲ ਵਿੱਚ ਮੈਥ ਟੀਚਰ ਸਨ। ਭਾਰਤ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਆਖਰੀ ਵਾਰ 22 ਮਈ ਨੂੰ ਫ਼ੋਨ ‘ਤੇ ਗੱਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਫ਼ੋਨ ਬੰਦ ਹੋ ਗਿਆ ਅਤੇ ਉਹ ਸੰਪਰਕ ਵਿੱਚ ਨਹੀਂ ਆ ਰਿਹਾ ਸਨ। ਸੁਰਭੀ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸਦੇ ਪਿਤਾ ਨੂੰ ਜਲਦੀ ਤੋਂ ਜਲਦੀ ਲੱਭਣ ਦੀ ਭਾਵਨਾਤਮਕ ਅਪੀਲ ਕੀਤੀ।